ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ 'ਤੇ ਗਾਜ ਡਿੱਗੀ ਹੈ। ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਿਚ ਬਣਾਈ ਗਈ 5 ਮੈਂਬਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜ ਪੁਲਿਸ ਅਧਿਕਾਰੀਆਂ 'ਤੇ ਅਨੁਸ਼ਾਸ਼ਨਹੀਣਤਾ ਦੀ ਕਾਰਵਾਈ ਕੀਤੀ ਹੈ। ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੀ ਇਸ ਕਾਰਵਾਈ ਦੇ ਘੇਰੇ 'ਚ ਆ ਗਏ ਹਨ।
ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਤੋਂ ਇਲਾਵਾ, ਡੀਆਈਜੀ ਇੰਦਰਬੀਰ ਸਿੰਘ, ਫਿਰੋਜ਼ਪੁਰ ਦੇ ਐਸਐਸਪੀ ਹਰਮਨਦੀਪ ਸਣੇ ਦੋ ਹੋਰ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਸ ਸਮੇਂ ਦੇ ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਅਰੋੜਾ, ਆਈਪੀਐਸ ਅਧਿਕਾਰੀ ਨਾਗੇਸ਼ਵਰ ਰਾਓ ਜੋ ਉਸ ਸਮੇਂ ਏਡੀਜੀਪੀ ਸਾਈਬਰ ਕ੍ਰਾਈਮ ਸਨ। ਤਤਕਾਲੀ ਏਡੀਜੀਪੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਚੀਨਾ, ਤਤਕਾਲੀ ਆਈਜੀ ਕਾਊਂਟਰ ਇੰਟੈਲੀਜੈਂਸ ਰਾਜੇਸ਼ ਅਗਰਵਾਲ, ਤਤਕਾਲੀ ਡੀਆਈਜੀ ਫਰੀਦਕੋਟ ਸੁਰਜੀਤ ਸਿੰਘ, ਤਤਕਾਲੀ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਜਿਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਤਤਕਾਲੀ ਮੁੱਖ ਸਕੱਤਰ ਨੂੰ ਮਿਲੀ ਰਾਹਤ: ਹਾਲਾਂਕਿ ਉਸ ਵੇਲੇ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੀ ਜਵਾਬਦੇਹੀ ਵੀ ਇਸ ਘਟਨਾ ਲਈ ਤੈਅ ਕੀਤੀ ਗਈ ਸੀ। ਪਰ ਸਰਕਾਰ ਵੱਲੋਂ ਕਾਰਵਾਈ ਦੇ ਜੋ ਨਿਰਦੇਸ਼ ਦਿੱਤੇ ਗਏ ਉਸ ਵਿਚ ਅਨਿਰੁੱਧ ਤਿਵਾੜੀ ਦਾ ਨਾਂ ਸ਼ਾਮਲ ਨਹੀਂ ਹੈ। ਸਰਕਾਰ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗੀ ਸੀ ਰਿਪੋਰਟ: ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਵੱਲੋਂ ਬੀਤੇ ਦਿਨੀਂ ਮੁੱਖ ਸਕੱਤਰ ਪੰਜਾਬ ਤੋਂ ਰਿਪੋਰਟ ਮੰਗੀ ਗਈ ਸੀ। ਪ੍ਰਧਾਨ ਮੰਤਰੀ ਸੁਰੱਖਿਆ ਵਿਚ ਕੁਤਾਹੀ ਦਾ ਮਾਮਲਾ ਬਹੁਤ ਗਰਮਾਇਆ ਰਿਹਾ ਕੇਂਦਰ ਵੱਲੋਂ ਲਗਾਤਾਰ ਇਸਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਪੰਜਾਬ ਵਿਚ ਸੱਤਾ ਪਰਿਵਰਤਨ ਤੋਂ 1 ਸਾਲ ਬਾਅਦ ਇਸ ਮਾਮਲੇ ਤੇ ਕਾਰਵਾਈ ਹੋਈ ਹੈ। ਦੇਰੀ ਨਾਲ ਕਾਰਵਾਈ 'ਤੇ ਕੇਂਦਰ ਵੱਲੋਂ ਨਾਰਾਜ਼ਗੀ ਵੀ ਜਤਾਈ ਗਈ।
ਕੀ ਹੈ ਮਾਮਲਾ ?: ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਰੈਲੀ ਵਿਚ ਸ਼ਾਮਿਲ ਹੋਣ ਲਈ ਪੰਜਾਬ ਆਏ ਸਨ। ਉਥੇ ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਿਲੇ ਨੂੰ ਕੁਝ ਅਨਸਰਾਂ ਵੱਲੋਂ ਰੋਕ ਦਿੱਤਾ ਗਿਆ। ਇਥੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਅਤੇ ਪ੍ਰਧਾਨ ਮੰਤਰੀ ਨੂੰ ਬਿਨ੍ਹਾਂ ਰੈਲੀ ਕੀਤੇ ਵਾਪਸ ਦਿੱਲੀ ਜਾਣਾ ਪਿਆ। ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ। ਚੰਨੀ ਅਤੇ ਪੀਐਮ ਮੋਦੀ ਵਿਚ ਵੀ ਇਸ ਮਾਮਲੇ 'ਤੇ ਵਿਵਾਦ ਪੈਦਾ ਹੋਇਆ। ਇਹ ਮੁੱਦਾ ਵੱਡਾ ਸਿਆਸੀ ਮੁੱਦਾ ਬਣਿਆ। ਇਥੇ ਹੀ ਬੱਸ ਨਹੀਂ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ।
ਇਹ ਵੀ ਪੜੋ: Amritpal marriage: ਅੰਮ੍ਰਿਤਪਾਲ ਸਿੰਘ ਦਾ ਗੁਪਤ ਤਰੀਕੇ ਨਾਲ ਹੋਏ ਵਿਆਹ ਦੀ ਜਾਂਚ ਸ਼ੁਰੂ