ਚੰਡੀਗੜ੍ਹ: ਜ਼ਿਮਨੀ ਚੋਣਾਂ ਵਿੱਚ 3 ਸੀਟਾਂ ਜਿੱਤਣ ਨਾਲ ਕਾਂਗਰਸ ਦੇ ਹੌਂਸਲੇ ਵਧੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਨਤਾ ਨੇ ਉਨ੍ਹਾਂ ਦੇ ਕੰਮਾਂ 'ਤੇ ਮੋਹਰ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਦੁਰ ਪ੍ਰਚਾਰ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸ ਵੱਲੋਂ 3 ਸੀਟਾਂ ਦੀ ਜਿੱਤ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਵੀ ਸ਼ਿਖਰਾਂ 'ਤੇ ਹਨ।
ਅਕਾਲੀ ਦਲ ਦੀ ਹੋਈ ਹਾਰ ਉੱਤੇ ਬੋਲਦਿਆ ਕੈਪਟਨ ਅਮਰਿੰਦਰ ਸਿੰਘ ਹਾਰ ਨੂੰ ਮੁਕਾਬਲੇ ਦਾ ਇੱਕ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਖੁੱਦ ਵੀ ਜਿੱਤਣ ਤੋਂ ਪਹਿਲਾਂ 2 ਵਾਰ ਹਾਰੇ ਸਨ, ਸੋ ਹਾਰ-ਜਿੱਤ ਬਣੀ ਰਹਿੰਦੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਲਿਖਿਆ, "ਧੰਨਵਾਦ ਪੰਜਾਬ! ਜ਼ਿਮਣੀ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਸਾਡੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਕੀਤੇ ਗਏ ਸਾਰੇ ਚੰਗੇ ਕੰਮਾਂ ਦੀ ਗਵਾਹੀ ਹੈ। ਨਵੇਂ ਚੁਣੇ ਵਿਧਾਇਕਾਂ ਨੂੰ ਮੇਰੀਆਂ ਸ਼ੁੱਭ ਕਾਮਨਾਵਾਂ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਇੱਕ ਨਵੇਂ ਮਿਸ਼ਨ ਦੀ ਸ਼ੁਰੂਆਤ ਕਰਨਗੇ।"
ਕਾਂਗਰਸ ਲਈ ਸਭ ਤੋਂ ਅਹਿਮ ਗੱਲ ਸੁਖਬੀਰ ਬਾਦਲ ਦੇ ਕਿਲ੍ਹੇ ਜਲਾਲਾਬਾਦ ਨੂੰ ਫ਼ਤਹਿ ਕਰਨਾ ਹੈ। ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ 16,633 ਵੋਟਾਂ ਨਾਲ ਜਿੱਤ ਹਾਸਲ ਕਰਕੇ ਜਲਾਲਾਬਾਦ ਕਿਲ੍ਹਾ ਫ਼ਤਿਹ ਕਰ ਲਿਆ। ਉਨ੍ਹਾਂ ਨੇ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਫ਼ਗਵਾੜਾ ਸੀਟ ਬੀਜੇਪੀ ਤੋਂ ਖੋਹ ਲਈ ਹੈ। ਕਾਂਗਰਸੀ ਉਮੀਦਵਾਰ ਬਲਵਿੰਦਰ ਧਾਲੀਵਾਲ 26,116 ਵੋਟਾਂ ਨਾਲ ਜੇਤੂ ਰਹੇ।
ਕਾਂਗਰਸ ਨੇ ਮੁਕੇਰੀਆਂ ਸੀਟ 'ਤੇ ਆਪਣਾ ਕਬਜ਼ਾ ਵੀ ਬਰਕਰਾਰ ਰੱਖਿਆ ਹੈ। ਕਾਂਗਰਸੀ ਉਮੀਦਵਾਰ ਇੰਦੂ ਬਾਲਾ 3430 ਵੋਟਾਂ ਨਾਲ ਜੇਤੂ ਰਹੀ। ਅਕਾਲੀ ਦਲ ਦੇ ਹਿੱਸੇ ਦਾਖ਼ਾ ਦੀ ਸੀਟ ਆਈ, ਜੋ ਕਿ ਮਨਪ੍ਰੀਤ ਇਆਲੀ ਨੇ ਜਿੱਤ ਕੇ ਉਨ੍ਹਾਂ ਦੀ ਝੋਲੀ ਪਾਈ। ਉਨ੍ਹਾਂ ਨੇ ਕਰੀਬ 14,000 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਗੜ੍ਹ ਹਲਕਾ ਜਲਾਲਾਬਾਦ 'ਤੇ ਕਾਂਗਰਸ ਦਾ ਕਬਜ਼ਾ