ਚੰਡੀਗੜ੍ਹ: ਐਕਸਾਈਜ਼ ਪਾਲਿਸੀ 'ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਹੋਏ ਵਿਵਾਦ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਤੋਂ ਆਬਕਾਰੀ ਤੇ ਕਰ ਵਿਭਾਗ ਵਾਪਸ ਲੈ ਲਿਆ ਗਿਆ ਹੈ, ਉਨ੍ਹਾਂ ਦੀ ਥਾਂ 'ਤੇ ਵਿਭਾਗ ਦਾ ਚਾਰਜ ਹੁਣ ਪ੍ਰਮੁੱਖ ਸਕੱਤਰ ਵੇਨੂੰ ਪ੍ਰਸਾਦ ਨੂੰ ਦੇ ਦਿੱਤਾ ਗਿਆ ਹੈ। ਵੇਨੂੰ ਪ੍ਰਸਾਦ ਕੋਲ ਪਹਿਲਾਂ ਤੋਂ ਜਲ ਸਰੋਤ ਵਿਭਾਗ ਹੈ।
ਦੱਸ ਦੇਈਏ ਕਿ ਵੇਨੂੰ ਪ੍ਰਸਾਦ 20 ਮਈ ਤੱਕ ਛੁੱਟੀ 'ਤੇ ਹਨ, ਜਿਸ ਕਰਕੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਕਰ ਅਤੇ ਆਬਕਾਰੀ ਮਹਿਕਮੇ ਦਾ ਚਾਰਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 10 ਮਈ ਨੂੰ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪ੍ਰੀ ਕੈਬਿਨੇਟ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਤਿਖ਼ੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਮੀਟਿੰਗ ਛੱਡ ਕੇ ਚੱਲੇ ਗਏ ਸਨ। 11 ਮਈ ਨੂੰ ਮੁੜ ਤੋਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਮੀਟਿੰਗ ਹੋਈ ਤਾਂ ਖ਼ਜ਼ਾਨਾ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਜਿਸ ਮੀਟਿੰਗ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਹੋਣਗੇ, ਉਸ ਮੀਟਿੰਗ ਦਾ ਉਹ ਬਾਈਕਾਟ ਕਰਨਗੇ।
11 ਮਈ ਸੋਮਵਾਰ ਨੂੰ ਜਦੋਂ ਐਕਸਾਈਜ਼ ਪਾਲਿਸੀ 'ਤੇ ਮੀਟਿੰਗ ਹੋਈ ਤਾਂ ਉਸ ਵਿੱਚ ਚੀਫ਼ ਸਕੱਤਰ ਕਰਨ ਅਵਤਾਰ ਦੀ ਥਾਂ 'ਤੇ ਪੰਜਾਬ ਦੇ ਗ੍ਰਹਿ ਸਕੱਤਰ ਸਤੀਸ਼ ਚੰਦਰਾ ਮੌਜੂਦ ਸਨ, ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਕੀ ਐਕਸਾਇਜ਼ ਪਾਲਿਸੀ 'ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਫ਼ੈਸਲਾ ਲੈਣਗੇ।
ਇਹ ਵੀ ਪੜੋ: ਜੇ ਮੀਟਿੰਗ 'ਚ ਕਰਨ ਅਵਤਾਰ ਸ਼ਾਮਲ ਹੋਣਗੇ, ਤਾਂ ਉਸ ਦਾ ਹਿੱਸਾ ਮੈਂ ਨਹੀਂ ਹੋਵਾਗਾ: ਮਨਪ੍ਰੀਤ ਬਾਦਲ
ਸੋ ਮੁੱਖ ਮੰਤਰੀ ਕੈਪਟਨ ਨੇ ਹੁਣ ਵਜ਼ੀਰਾਂ ਦੀ ਮੁੱਖ ਸਕੱਤਰ ਕਰਨ ਅਵਤਾਰ ਨਾਲ ਤਕਰਾਰ ਨੂੰ ਦੇਖਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਵਿਭਾਗ ਦਾ ਚਾਰਜ ਵਾਪਸ ਲੈ ਲਿਆ ਹੈ।