ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਨਾਲ ਵਿਦਿਆਰਥੀਆਂ 'ਚ ਨਰਾਜ਼ਗੀ ਵੀ ਹੈ। ਕਿਉਂਕਿ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ ਦਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪੇਪਰ ਅੱਜ ਦੁਪਹਿਰ 2 ਵਜੇ ਹੋਣਾ ਸੀ। ਜੋ ਕਿ ਹੁਣ ਨਹੀਂ ਹੋਵੇਗਾ।ਇਸ ਦਾ ਕਾਰਨ ਪੇਪਰ ਲੀਕ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ। ਇਹ ਜਾਣਕਾਰੀ ਮਿਲ ਰਹੀ ਹੈ ਕਿ ਪੇਪਰ ਲੀਕ ਹੋਣ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਮਿਲੀ ਸੀ, ਜਿਸ 'ਤੇ ਸਿੱਖਿਆ ਵਿਭਾਗ ਅਤੇ ਸਰਕਾਰ ਨੇ ਤੁਰੰਤ ਐਕਸ਼ਨ ਲਿਆ। ਇਸੇ ਐਕਸ਼ਨ ਦੇ ਤਹਿਤ ਅੱਜ ਹੋਣ ਵਾਲਾ ਅੰਗਰੇਜ਼ੀ ਦਾ ਪੇਪਰ ਮੁਲਤਵੀ ਕੀਤਾ ਗਿਆ ਹੈ। ਜਦਕਿ ਬੋਰਡ ਵੱਲੋਂ ਪੇਪਰ ਨੂੰ ਮੁਲਤਵੀ ਕਰਨ ਦੇ ਕਾਰਨ ਪ੍ਰਬੰਧਕੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਬੋਰਡ ਵੱਲੋਂ ਆਖਿਆ ਗਿਆ ਕਿ ਜਲਦ ਹੀ ਬੋਰਡ ਵੱਲੋਂ ਪੇਪਰ ਲਈ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਬੋਰਡ ਵੱਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਬਾਕੀ ਪੇਪਰ ਤੈਅ ਤਰੀਕਾਂ ਉੱਤੇ ਹੀ ਹੋਣਗੇ।
ਕਦੋਂ ਸ਼ੁਰੂ ਹੋਏ ਸੀ ਪੇਪਰ: ਦਸ ਦਈਏ ਕਿ ਬਾਰ੍ਹਵੀਂ ਜਮਾਤ ਦੇ ਪੇਪਰ 20 ਫਰਵਰੀ ਨੂੰ ਸ਼ੁਰੂ ਹੋਏ ਸਨ। 12ਵੀਂ ਜਮਾਤ ਦੇ ਪੇਪਰਾਂ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮੀ 5.13 ਤੱਕ ਦਾ ਰੱਖਿਆ ਗਿਆ ਹੈ। ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਵਾਰ ਪੇਪਰਾਂ 'ਚ ਨਕਲ ਨਹੀਂ ਚੱਲੇਗੀ। ਜਿਹੜਾ ਵੀ ਵਿਦਿਆਰਥੀ ਨਕਲ ਕਰਦਾ ਫੜ੍ਹਿਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Bank Holiday in March : ਮਾਰਚ ਦਾ ਮਹੀਨਾ ਆ ਗਿਆ ਹੈ, ਚੈੱਕ ਕਰੋ ਕਿਹੜੇ ਦਿਨ ਰਹੇਗੀ ਕਿਹੜੀ ਛੁੱਟੀ