ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਕਹਿਰ ਦੌਰਾਨ ਰੋਜ਼ਾਨਾ ਮਜਦੂਰੀ ਕਰਨ ਵਾਲੇ ਗਰੀਬਾਂ ਦਾ ਗੁਜ਼ਾਰਾਂ ਬੜੀ ਮੁਸਕਿਲ ਨਾਲ ਚੱਲ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿੱਜੀ (ਪ੍ਰਾਈਵੇਟ) ਹਸਪਤਾਲਾਂ ਵੱਲੋਂ ਕੋਰੋਨਾ ਮਰੀਜਾਂ ਦੀ ਮਹਿੰਗੇ ਇਲਾਜ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਇੱਕ ਨੋਡਲ ਏਜੰਸੀ ਬਣਾਈ ਜਾਵੇ ਅਤੇ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਸੂਬੇ ਦੇ ਲੋਕਾਂ ਲਈ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਸੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ਕਿ ਕੋਰੋਨਾ ਵਾਇਰਸ ਨੇ ਪੰਜਾਬ ਦੇ ਵਸਨੀਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਅਤੇ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਹਰ ਰੋਜ ਵਾਧਾ ਹੋ ਰਿਹਾ ਹੈ। ਪਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਲੋੜੀਂਦੇ ਉਪਕਰਨ, ਦਵਾਈਆਂ ਅਤੇ ਵੈਂਟੀਲੇਟਰਾਂ ਦੀ ਕਮੀ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਾਨ ਨੇ ਦੋਸ਼ ਲਾਇਆ, ਕਿ ਕੋਰੋਨਾ ਪੀੜਤਾਂ ਦੇ ਇਲਾਜ ਨੂੰ ਕੁੱਝ ਨਿੱਜੀ ਹਸਪਤਾਲਾਂ ਨੇ ਲੁੱਟ ਦਾ ਧੰਦਾ ਬਣਾ ਲਿਆ ਹੈ,ਅਤੇ ਪੀੜਤਾਂ ਤੋਂ ਇਲਾਜ ਦੇ ਨਾਂ 'ਤੇ 10 ਤੋਂ 15 ਲੱਖ ਰੁਪਏ ਤੱਕ ਵਸੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਕਿ ਨਿੱਜੀ ਹਸਪਤਾਲ ਨੇ ਕੋਰੋਨਾ ਪੀੜਤ ਦਾ 15 ਜਾਂ 20 ਦਿਨ ਇਲਾਜ ਕੀਤਾ, ਅਤੇ ਪਰਿਵਾਰ ਤੋਂ 15 ਲੱਖ ਰੁਪਏ ਵੀ ਲੈ ਲਏ, ਪਰ ਮਰੀਜ ਫਿਰ ਵੀ ਮੌਤ ਦੇ ਮੂੰਹ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਹਿਰ ਕਾਰਨ ਸੂਬੇ 'ਚ ਕੁੱਝ ਨਿੱਜੀ ਹਸਪਤਾਲਾਂ ਅਤੇ ਹੋਰ ਅਦਾਰਿਆਂ ਵੱਲੋਂ ਇਲਾਜ ਲਈ ਜਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਕਾਲਾਬਾਜ਼ਾਰੀ ਵੀ ਕੀਤੀ ਜਾਂ ਰਹੀ ਹੈ, ਪਰ ਪੰਜਾਬ ਸਰਕਾਰ ਸੁਪਨਮਈ ਨੀਂਦ ਵਿੱਚ ਸੁੱਤੀ ਪਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੁੱਝ ਨਿੱਜੀ ਹਸਪਤਾਲਾਂ ਵੱਲੋਂ ਮਰੀਜਾਂ ਦੀ ਕੀਤੀ ਜਾਂਦੀ, ਆਰਥਿਕ ਲੁੱਟ ਦੇ ਲਈ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਰਹੀਆਂ, ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਜਿੰਮੇਵਾਰ ਹਨ। ਪਿਛਲੇ 20 ਸਾਲਾਂ ਦੌਰਾਨ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਪ੍ਰਕਾਸ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਵਾਲੇ ਸਰਕਾਰੀ ਢਾਂਚੇ ਦਾ ਨਿਰਮਾਣ ਹੀ ਨਹੀਂ ਕੀਤਾ, ਸਗੋਂ ਪ੍ਰਾਈਵੇਟ ਅਦਾਰਿਆਂ ਨੂੰ ਹੀ ਉਤਸਾਹਿਤ ਕੀਤਾ ਹੈ। ਉਨ੍ਹਾਂ ਕਿਹਾ ਪ੍ਰਕਾਸ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਜਮੀਨਾਂ ਆਪਣੇ ਹਿਤੈਸੀਆਂ ਨੂੰ ਪ੍ਰਾਈਵੇਟ ਹਸਪਤਾਲ ਉਸਾਰਨ ਲਈ ਕੌਡੀਆਂ ਦੇ ਮੁੱਲ ਦਿੱਤੀਆਂ ਹਨ, ਅਤੇ ਹੁਣ ਇਹੀ ਪ੍ਰਾਈਵੇਟ ਹਸਪਤਾਲਾਂ ਦੇ ਮਾਲਕ ਸੂਬੇ ਦੇ ਲੋਕਾਂ ਦੀ ਇਲਾਜ ਦੇ ਨਾਂ 'ਤੇ ਆਰਥਿਕ ਲੁੱਟ ਘਸੁੱਟ ਕਰ ਰਹੇ ਹਨ। ਮਾਨ ਨੇ ਕਿਹਾ, ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਹੈ, ਅਤੇ ਸੂਬੇ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਇਲਾਜ ਦੇ ਨਾਂ 'ਤੇ ਹੁੰਦੀ ਮਰੀਜਾਂ ਦੀ ਆਰਥਿਕ ਲੁੱਟ ਤੋਂ ਬਚਾਉਣ ਲਈ ਇੱਕ ਉਚ ਤਾਕਤਾਂ ਵਾਲੀ ਨੋਡਲ ਏਜੰਸੀ ਦਾ ਗਠਨ ਕਰਨਾ ਚਾਹੀਦਾ ਹੈ।