ਚੰਡੀਗੜ੍ਹ: ਕਰੱਸ਼ਰ ਉਦਯੋਗ ਤੇ ਹਰਿਆਣਾ ਤੋਂ ਆਉਣ ਵਾਲੇ ਕੱਚੇ ਮਾਲ 'ਤੇ ਗੁੰਡਾ ਟੈਕਸ ਮੰਗਣ ਦੇ ਮਾਮਲੇ ਵਿੱਚ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਕਰੱਸ਼ਰ ਐਸੋਸੀਏਸ਼ਨ ਦੇ ਹੱਕ ਵਿੱਚ ਨਿੱਤਰ ਕੇ ਆਏ। ਸ਼ਰਮਾ ਨੇ ਕਰੱਸ਼ਰ ਐਸੋਸੀਏਸ਼ਨ ਨਾਲ ਪ੍ਰੈਸ ਕਲੱਬ ਡੇਰਾਬੱਸੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਪੂਰੇ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ 'ਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਇਸੇ ਕਾਰਨ ਉਨ੍ਹਾਂ ਦੀ ਪਤਨੀ ਤੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਗੁੰਡਾ ਟੈਕਸ ਵਸੂਲਣਾ ਬਾਦਸਤੂਰ ਜਾਰੀ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਸੂਬੇ ਵਿੱਚ ਨਿਵੇਸ਼ ਨੂੰ ਵਧਾਉਣ ਲਈ ਕੀਤੀ ਜਾ ਰਹੀ ਇਨਵੈਸਟਮੈਂਟ ਸਮਿਟ 'ਤੇ ਤੰਜ ਕਸਦਿਆਂ ਕਿਹਾ ਕਿ ਹੋਰ ਉਦਯੋਗ ਲਿਆਉਣ ਤੋਂ ਪਹਿਲਾਂ ਮੁੱਖ ਮੰਤਰੀ ਸੂਬੇ ਵਿੱਚ ਪਹਿਲਾਂ ਲੱਗੇ ਉਦਯੋਗਾਂ ਨੂੰ ਬਚਾਉਣ ਵਾਲੇ ਪਾਸੇ ਧਿਆਨ ਦੇਣ।
ਇਹ ਵੀ ਪੜ੍ਹੋ: ਦੇਹਰਾਦੂਨ: IMA ਦੀ ਪਾਸਿੰਗ ਆਊਟ ਪਰੇਡ , ਰੱਖਿਆ ਮੰਤਰੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਇਸ ਮੌਕੇ ਵਿਧਾਇਕ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕੁਦਰਤੀ ਸਰੋਤਾਂ ਦੀ ਅਨ੍ਹੇਵਾਹ ਲੁੱਟ ਮਚਾਈ ਜਾ ਰਹੀ ਹੈ ਅਤੇ ਉਦਯੋਗਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਮੁੱਖ ਮੰਤਰੀ ਘੁੰਮਣ ਵਿੱਚ ਵਿਅਸਤ ਹਨ। ਕਰੱਸ਼ਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸਡੀਐਮ ਨੂੰ ਮੰਗ ਪੱਤਰ ਦੇ ਕੇ ਗੁੰਡਾ ਟੈਕਸ ਵਸੂਲੀ ਬੰਦ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਨਗੇ।