ਹੈਦਰਾਬਾਦ: ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਭਾਰਤ ਦੇ ਮਾਨਸੂਨ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ, ਜਿਸ ਦਾ ਅਸਰ ਪੰਜਾਬ 'ਤੇ ਵੀ ਪਵੇਗਾ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਅਗਲੇ 24 ਘੰਟਿਆ ਵਿੱਚ ਪ੍ਰੀ-ਮੌਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਦੀ ਪਹਿਲੀ ਬਰਸਾਤ ਅੱਜ ਸ਼ਨੀਵਾਰ ਰਾਤ ਨੂੰ ਹੋ ਸਕਦੀ ਹੈ। ਦੱਸ ਦਈਏ ਕਿ ਪੰਜਾਬ ਵਿੱਚ ਇਸ ਸਾਲ ਮਾਨਸੂਨ 10 ਜੁਲਾਈ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ। ਮਾਨਸੂਨ ਪੰਜਾਬ ਵਿੱਚ 8 ਤੋਂ 10 ਦਿਨਾਂ ਦੀ ਦੇਰੀ ਨਾਲ ਅੱਗੇ ਵੱਧ ਰਿਹਾ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਵਿੱਚ ਮਾਨਸੂਨ ਆਮ ਤੌਰ ਉੱਤੇ 30 ਜੂਨ ਤੱਕ ਪਹੁੰਚ ਜਾਂਦਾ ਹੈ। ਪਰ ਇਸ ਵਾਰ ਬਿਪਰਜੋਏ ਕਾਰਨ ਭਾਰਤ ਦੇ ਮੱਧ ਵਿੱਚ ਦਬਾਅ ਹੋਣ ਕਰਕੇ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ। ਫਿਲਹਾਲ ਹੁਣ ਬਿਪਰਜੋਈ ਤਾਂ ਪ੍ਰਭਾਵ ਖਤਮ ਹੋ ਗਿਆ, ਜਿਸ ਕਰਕੇ ਮਾਨਸੂਨ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਤੇ ਪੰਜਾਬ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।
ਭਾਰਤ ਵਿੱਚ ਪ੍ਰੀ-ਮਾਨਸੂਨ ਦਾ ਅਸਰ:- ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਪ੍ਰੀ-ਮਾਨਸੂਨ ਦਾ ਅਸਰ ਦਿਖਾਈ ਦੇਣ ਲੱਗ ਗਿਆ ਹੈ। ਜਿਸ ਕਰਕੇ ਅੱਜ 24 ਜੁਲਾਈ 2023 ਨੂੰ ਪੰਜਾਬ ਦੇ ਕੁੱਝ ਹਿੱਸਿਆ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਰਕੇ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਚੱਲ ਦੀ ਭਵਿੱਖਬਾਣੀ ਵੀ ਕੀਤੀ ਹੈ।
ਪੰਜਾਬ ਦੇ ਕੁੱਝ ਸਹਿਰਾਂ ਦਾ ਤਾਪਮਾਨ:- ਪੰਜਾਬ ਵਿੱਚ ਗਰਮੀ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਪੈ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 29.3 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਤਾਪਮਾਨ ਨਾਲੋਂ 3.2 ਡਿਗਰੀ ਵੱਧ ਸੀ। ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਮਪਾਨ 39 ਡਿਗਰੀ ਦੇ ਨੇੜੇ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 30.5 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 5 ਡਿਗਰੀ ਵੱਧ ਸੀ।
ਹਿਮਾਚਲ ਵਿੱਚ ਮਾਨਸੂਨ ਦਾਖ਼ਲ:- ਹਿਮਾਚਲ ਵਿੱਚ ਮਾਨਸੂਨ ਦਾਖ਼ਲ ਹੋ ਗਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਰਾਤ ਤੋਂ ਹੀ ਭਾਰੀ ਮੀਂਹ ਪਿਆ। ਜਿਸ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੀ ਪਰ ਕਈ ਇਲਾਕਿਆਂ 'ਚ ਇਹ ਰਾਹਤ ਆਫਤ ਸਾਬਤ ਹੋਈ ਹੈ। ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਢਿੱਗਾਂ ਡਿੱਗੀਆਂ ਹਨ, ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ ਦਰਿਆਵਾਂ ਦੇ ਪਾਣੀ ਦਾ ਵੱਧਦਾ ਪੱਧਰ ਵੀ ਖਤਰੇ ਦੀ ਘੰਟੀ ਵਜਾ ਰਿਹਾ ਹੈ।