ਚੰਡੀਗੜ੍ਹ: ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਚੱਲਦੇ ਜਿੱਥੇ ਇੱਕ ਪਾਸੇ ਆਮ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਚੱਲ ਰਹੀ ਹੈ, ਉਸੇ ਤਰ੍ਹਾਂ ਸਰਕਾਰ ਦੇ ਮੁਲਾਜ਼ਮ ਵੀ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਹਿਤ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਇੱਕ ਰੋਜ਼ਾ ਭੁੱਖ ਹੜਤਾਲ ਸੈਕਟਰ ਸਤਾਰਾਂ ਦੇ ਸੰਦੇਸ਼ ਭਵਨ ਦੇ ਬਾਹਰ ਕੀਤੀ ਜਿੱਥੇ ਵੱਖ ਵੱਖ ਜ਼ਿਲ੍ਹਿਆਂ ਦੇ ਡਾਕ ਸੇਵਕਾਂ ਨੇ ਹਾਜ਼ਰੀ ਭਰੀ ਅਤੇ ਸਰਕਾਰ ਦੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਇਸ ਬਾਰੇ ਗੱਲ ਕਰਦੇ ਹੋਏ ਡਾਕ ਸੇਵਕ ਸਰਕਲ ਦੇ ਸਕੱਤਰ ਲਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਰਕਾਰ ਦੇ ਵੱਲੋਂ ਆਪਣੀ ਬਣਾਈ ਹੋਈ ਕਮੇਟੀ ਤੇ ਕਮਲੇਸ਼ ਚੰਦਰਾ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜੋ ਗ੍ਰਾਮੀਣ ਡਾਕ ਸੇਵਕਾਂ ਦੇ ਨਾਲ ਬੇਈਮਾਨੀ ਹੈ। ਇਸ ਧਰਨੇ ਰਾਹੀਂ ਗ੍ਰਾਮੀਣ ਡਾਕ ਸੇਵਕਾਂ ਦੀ ਮੰਗ ਹੈ ਕਿ ਸਾਰੀਆਂ ਤਿੰਨ ਪ੍ਰਮੋਟਰਾਂ ਨੂੰ ਲਾਗੂ ਕੀਤਾ ਜਾਵੇ ਜੋ ਪੇਅ ਕਮੇਟੀ ਦੀ ਸਿਫ਼ਾਰਸ਼ ਹੈ। ਸਿੰਗਲ ਹੈਂਡ ਨੂੰ ਕੰਬਾਈਨ ਡਿਊਟੀ ਅਲਾਉਂਸ ਦਿੱਤਾ ਜਾਵੇ ਤੇ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣ। ਗ੍ਰਾਮੀਣ ਡਾਕ ਸੇਵਕਾਂ ਨੂੰ ਅੱਠ ਘੰਟੇ ਦੀ ਤਨਖਾਹ ਦਿੱਤੀ ਜਾਵੇ ਤੇ ਟਾਰਗੇਟ ਦੇ ਨਾਮ ਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਉਨ੍ਹਾਂ ਦੀ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ ਤਾਂ ਆਉਣ ਵਾਲੇ ਵੀਹ ਫਰਵਰੀ ਨੂੰ ਫਿਰ ਤੋਂ ਕੌਮੀ ਪੱਧਰ ਤੇ ਡਾਕ ਭਵਨ ਵਿਖੇ ਹੜਤਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਜੇ ਸਰਕਾਰ ਸਿਫ਼ਾਰਸ਼ਾਂ ਲਾਗੂ ਨਹੀਂ ਕਰਦੀ ਤਾਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਕੀਤੀ ਜਾਏਗੀ।