ਚੰਡੀਗੜ੍ਹ: ਪੰਜਾਬ ਵਿੱਚ ਇਸ ਸਮੇਂ ਲੋਕਾਂ ਦੇ ਫੋਨ ਉੱਤੇ ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਆਡਿਓ ਰਿਕਾਰਡਿੰਗ ਸੁਣਨ ਨੂੰ ਮਿਲ ਰਹੀ ਹੈ, ਜਿਸ ਵਿੱਚ ਖ਼ਾਲਿਸਤਾਨੀ ਮੂਵਮੈਂਟ ਨਾਲ ਜੁੜਨ ਦੀ ਗੱਲ ਕੀਤੀ ਜਾ ਰਹੀ ਹੈ।
ਇਨ੍ਹਾਂ ਹਲਾਤਾਂ ਨੂੰ ਵੇਖਦੇ ਹੋਏ ਵਕੀਲ ਬਿਕਰਮਜੀਤ ਸਿੰਘ ਬਾਜਵਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਪੀਆਈਐੱਲ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਖ਼ਾਲਿਸਤਾਨੀ ਸਮਰਥਕ ਤੇ ਸਿੱਖ ਫੋਰ ਜਸਟਿਸ ਸੰਸਥਾ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਜਾਂਚ ਹੋਵੇ ਕਿ ਇਨ੍ਹਾਂ ਦੇ ਕੋਲ ਫੰਡਿੰਗ ਕਿੱਥੋਂ ਆ ਰਹੀ ਹੈ।
ਸਾਲ 2020 ਦੇ ਵਿੱਚ ਰੈਫਰੈਂਡਮ ਕਰਨ ਦੀ ਅਪੀਲ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀ ਜਿਸ ਦੇ ਵਿੱਚ ਖ਼ਾਲਿਸਤਾਨੀ ਸਮਰਥਕਾਂ ਨੂੰ ਇੱਕ ਮੰਚ 'ਤੇ ਇਕੱਠੇ ਆਉਣ ਦੀ ਅਪੀਲ ਕੀਤੀ ਸੀ ਤੇ ਉਸ ਤੋਂ ਪਹਿਲਾਂ ਹੀ ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਲੋਕਾਂ ਨੂੰ ਫੋਨ ਕਾਲ ਦੇ ਜ਼ਰੀਏ ਵਾਇਸ ਰਿਕਾਰਡਿੰਗ ਰਾਹੀਂ ਇਸ ਮੂਮੈਂਟ ਦੇ ਨਾਲ ਜੋੜਨ ਲਈ ਅਪੀਲ ਕੀਤੀ ਜਾ ਰਹੀ ਹੈ।
ਅਜਿਹਾ ਕਰ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਭੜਕਾਇਆ ਜਾ ਰਿਹਾ ਹੈ ਜਿਸ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪੀਆਈਐਲ ਦਾਖ਼ਲ ਕੀਤੀ ਗਈ ਹੈ।
ਇਸ ਰਾਹੀਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨਾਲ ਮਿਲ ਕੇ ਗੁਰਪਤਵੰਤ ਸਿੰਘ ਪੰਨੂ ਦੇ ਖ਼ਿਲਾਫ਼ ਕਾਰਵਾਈ ਕਰਨ ਤੇ ਸਿੱਖ ਫਾਰ ਜਸਟਿਸ ਸੰਸਥਾ ਜਿਹੜੀ ਕਿ ਭਾਰਤ ਸਰਕਾਰ ਵੱਲੋਂ ਸਾਲ 2019 ਦੇ ਵਿੱਚ ਬੈਨ ਕੀਤੀ ਗਈ ਸੀ ਉਸ ਨੂੰ ਫੰਡਿੰਗ ਕੌਣ ਕਰ ਰਿਹੈ ਇਸ ਦੀ ਜਾਂਚ ਕੀਤੀ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਈ ਲੋਕਾਂ ਨੂੰ ਇਹ ਫੋਨ 'ਤੇ ਵਾਇਸ ਰਿਕਾਰਡਿੰਗ ਭੇਜੀਆਂ ਜਾ ਰਹੀਆਂ ਹਨ, ਇਸ ਚੀਜ਼ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਨੂੰ ਫੋਨ ਕਾਲ ਦਾ ਡਾਟਾ ਕਿੱਥੋਂ ਮਿਲਿਆ।