ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਪੈਂਦੇ ਨਯਾ ਗਾਓਂ ਦੇ ਵਸਨੀਕਾਂ ਨੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਹੋ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਖ਼ਿਲਾਫ਼ ਖਾਲੀ ਬਾਲਟੀਆਂ ਲੈ ਕੇ ਪ੍ਰਦਰਸ਼ਨ ਕੀਤਾ ਹੈ।
ਨਯਾ ਗਾਓਂ ਦੇ ਗੋਬਿੰਦ ਨਗਰ ਇਲਾਕੇ ਦੀਆਂ ਔਰਤਾਂ ਨੇ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਹਫ਼ਤੇ ਦੇ ਵਿੱਚ ਸਿਰਫ਼ ਇੱਕ ਦਿਨ ਪਾਣੀ ਆਉਂਦਾ, ਉਹ ਵੀ ਪੂਰਾ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਨੂੰ ਕੱਪੜੇ ਧੋਣ ਤੋਂ ਲੈ ਕੇ ਬਰਤਨ ਸਾਫ਼ ਕਰਨ ਸਣੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਬਾਕੀਆਂ ਸਹੂਲਤਾਂ ਦੀ ਤਾਂ ਦੂਰ ਦੀ ਗੱਲ, ਉਨ੍ਹਾਂ ਨੂੰ ਪਾਣੀ ਦੀ ਬੁਨਿਆਦੀ ਸਹੂਲਤ ਵੀ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਦਰਖ਼ਾਸਤ ਦੇ ਚੁੱਕੇ ਹਨ ਪਰ ਫਿਰ ਵੀ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ।
ਸਥਾਨਕ ਵਾਸੀਆਂ ਨੇ ਹਲਕੇ ਦੇ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਇਹ ਸਿਰਫ ਵੋਟਾਂ ਮੰਗਣ ਵੇਲੇ ਹੀ ਗਲੀ ਮੁਹੱਲੇ 'ਚ ਦਿਖਾਈ ਦਿੰਦੇ ਹਨ।
ਇਹ ਵੀ ਪੜੋ: ਪੰਜਾਬ ਪੁਲਿਸ ਨੇ ਲਸ਼ਕਰ ਦੇ ਦੋ ਅੱਤਵਾਦੀ ਪਠਾਨਕੋਟ ਤੋਂ ਫੜੇ, ਹਥਿਆਰ ਬਰਾਮਦ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਨਵਾਂ ਗਾਓਂ ਦੇ ਵਿੱਚ ਪਾਣੀ ਮਾਫ਼ੀਆ ਸਰਗਰਮ ਹੋ ਚੁੱਕਿਆ ਹੈ। ਟਿਊਬਵੈੱਲ ਤੋਂ ਪਾਣੀ ਨਾ ਆਉਣ ਕਾਰਨ ਹਰ ਘਰ ਨੂੰ ਹਫ਼ਤੇ 'ਚ ਦੋ ਵਾਰ ਪਾਣੀ ਦੇ ਟੈਂਕਰ ਮੰਗਵਾਉਣੇ ਪੈਂਦੇ ਹਨ, ਜਿਸ ਦੀ ਕੀਮਤ 3 ਤੋਂ 4 ਸੌ ਰੁਪਏ ਪ੍ਰਤੀ ਟੈਂਕਰ ਹੈ।