ਚੰਡੀਗੜ੍ਹ: ਈਡੀ ਵੱਲੋਂ ਪਵਨ ਬੰਸਲ ਦੇ ਭਤੀਜੇ ਖ਼ਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਕਾਂਗਰਸ ਉਮੀਦਵਾਰ ਪਵਨ ਬੰਸਲ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਾਮਲਾ 6 ਸਾਲ ਪੁਰਾਣਾ ਹੈ ਤੇ ਸੀਬੀਆਈ ਵੱਲੋਂ ਇਸ ਸਬੰਧੀ ਕੇਸ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਉਹਨਾਂ ਕੋਲੋਂ ਸੀਬੀਆਈ ਨੇ 8 ਘੰਟੇ ਲੰਬੀ ਪੁੱਛਗਿੱਛ ਵੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕੇਸ ਦੇ ਸਰਕਾਰੀ ਗਵਾਹ ਸਨ।
ਇਸ ਮੌਕੇ ਉਨ੍ਹਾਂ ਭਾਜਪਾ ਉਮੀਦਵਾਰ ਕਿਰਨ ਖੇਰ 'ਤੇ ਇਲਜਾਮ ਲਾਉਂਦੇ ਹੋਏ ਕਿਹਾ ਕਿ ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਕਿਰਨ ਖੇਰ ਨੂੰ ਆਪਣੀ ਹਾਰ ਵਿਖਾਈ ਦੇ ਰਹੀ ਹੈ। ਇਸ ਲਈ ਹੁਣ ਉਹ ਜਾਣਬੁੱਝ ਕੇ ਅਜਿਹੀਆਂ ਖੇਡਾਂ ਖੇਡ ਰਹੀ ਹੈ।
ਕਿਰਨ ਖੇਰ ਤੇ ਨਿਸ਼ਾਨਾ ਸਾਧਦਿਆਂ ਬੰਸਲ ਨੇ ਕਿਹਾ ਕਿ ਇਹ ਸੱਭ ਭਾਜਪਾ ਦੀ ਸ਼ਰਾਰਤ ਹੈ। ਉਨ੍ਹਾਂ ਕਿਹਾ ਕਿ ਉਹ ਕਿੰਨੀ ਵਾਰ ਕਿਰਨ ਖੇਰ ਨੂੰ ਬਹਿਸ ਦੀ ਚੁਣੌਤੀ ਦੇ ਚੁੱਕੇ ਹਨ ਪਰ ਕਿਰਨ ਖੇਰ ਬਹਿਸ ਲਈ ਨਹੀਂ ਆਉਂਦੀ ਹੈ। ਇਸਤੋਂ ਇਹ ਸਾਫ਼ ਜਾਹਿਰ ਹੋ ਜਾਂਦਾ ਹੈ ਕਿ ਕਿਰਨ ਚੰਡੀਗੜ੍ਹ ਦੀ ਸਿਆਸਤ ਵਿੱਚ ਖਰੀ ਨਹੀਂ ਉਤਰੀ। ਪਵਨ ਬੰਸਲ ਨੇ ਕਿਰਨ ਖੇਰ ਅਤੇ ਉਨ੍ਹਾਂ ਦੇ ਮੀਡੀਆ ਐਡਵਾਇਜ਼ਰ ਆਰ. ਪ੍ਰਭਲੋਚਨ ਨੂੰ ਨੋਟਿਸ ਭੇਜਿਆ ਹੈ।