ਚੰਡੀਗੜ੍ਹ: 27 ਨਵੰਬਰ 2016 ਨੂੰ ਨਾਭਾ ਦੀ ਮੈਕਸੀਮਮ ਸਿਕਿਓਰਿਟੀ ਜੇਲ੍ਹ ਵਿੱਚ ਪੁਲਿਸ ਵਰਦੀ ਪਹਿਨ ਕੇ ਆਏ ਹਮਲਾਵਰਾਂ ਨੇ ਦਿਨ-ਦਿਹਾੜੇ ਫਾਇਰਿਗ ਕਰਦੇ ਹੋਏ ਜੇਲ੍ਹ ਵਿੱਚੋਂ ਖਾਲਿਸਤਾਨੀ ਸਮਰਥਕ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਸਿੰਘ, ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਅਤੇ ਗੁਰਪ੍ਰੀਤ ਸਿੰਘ ਸੇਖੋਂ ਦੇ ਸਮੇਤ ਦੋ ਹੋਰ ਸਾਥੀਆਂ ਨੂੰ ਜੇਲ੍ਹ ਵਿੱਚੋਂ ਛੁਡਵਾ ਲਿਆ ਸੀ ਅਤੇ ਇਸ ਮਾਮਲੇ ਨੇ ਉਸ ਸਮੇਂ ਪੂਰੇ ਦੇਸ਼ ਵਿੱਚ ਸੁਰਖੀਆਂ ਵਟੋਰੀਆਂ ਸਨ। ਦੱਸ ਦਈਏ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕੁੱਲ 22 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਮਾਮਲੇ ਵਿੱਚ ਪਟਿਆਲਾ ਅਦਾਲਤ ਨੇ 9 ਗੈਂਗਸਟਰਾਂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਵੀ ਸਜ਼ਾ ਸੁਣਾਈ ਹੈ।
ਇਨ੍ਹਾਂ ਨੂੰ ਸੁਣਾਈ ਗਈ ਸਜ਼ਾ: ਅਦਲਾਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 22 ਜਣਿਆਂ ਵਿੱਚੋਂ 9 ਹਾਈਪ੍ਰੋਫਾਈਲ ਗੈਂਗਸਟਰ ਹਨ ਜਿਨ੍ਹਾਂ ਦੇ ਨਾਂਅ ਵੀ ਨਸ਼ਰ ਕੀਤੇ ਗਏ ਹਨ ਜੋ ਇਸ ਪ੍ਰਕਾਰ ਹਨ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਉਰਫ਼ ਢੋਟੀਆਂ, ਸੁਲੱਖਣ ਸਿੰਘ ਉਰਫ਼ ਬੱਬਰ, ਮਨੀ ਸੇਖੋਂ, ਨੀਟਾ ਦਿਓਲ, ਗੁਰਪ੍ਰੀਤ ਸਿੰਘ ਖੌੜਾ, ਬਿੱਕਰ ਸਿੰਘ, ਪਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸਜ਼ਾਯਾਫ਼ਤਾ ਦੋਸ਼ੀਆਂ ਵਿੱਚ ਗੁਰਪ੍ਰੀਤ, ਗੁਰਜੀਤ ਸਿੰਘ , ਹਰਜੋਤ ਸਿੰਘ ਉਰਫ਼ ਜੋਤ, ਕੁਲਵਿੰਦਰ ਸਿੰਘ , ਰਾਜਵਿੰਦਰ ਸਿੰਘ ਉਰਫ਼ ਰਾਜੂ ਸੁਲਤਾਨ, ਰਵਿੰਦਰ ਸਿੰਘ ਉਰਫ਼ ਗਿਆਨਾ, ਸੁਖਚੈਨ ਸਿੰਘ ਉਰਫ਼ ਸੁੱਖੀ, ਮਨਜਿੰਦਰ ਸਿੰਘ, ਅਮਨ ਕੁਮਾਰ, ਸੁਨੀਲ ਕਾਲੜਾ ਅਤੇ ਕਿਰਨ ਸ਼ਾਮਲ ਹਨ। ਦੱਸ ਦਈਏ ਦੋਸ਼ੀਆਂ ਵਿੱਚ ਉਸ ਸਮੇਂ ਦੇ ਜੇਲ੍ਹ ਮੁਲਾਜ਼ਮ ਭੀਮ ਸਿੰਘ ਅਤੇ ਜਗਮੀਤ ਸਿੰਘ ਸ਼ਾਮਲ ਹਨ।
6 ਮੁਲਜ਼ਮ ਹੋਏ ਬਰੀ: ਦੱਸ ਦਈਏ ਮਾਮਲੇ ਵਿੱਚ ਅਦਾਲਤ ਪਹਿਲਾਂ 6 ਮੁਲਜ਼ਮਾਂ ਨੂੰ ਬਰੀ ਵੀ ਕਰ ਚੁੱਕੀ ਹੈ ਅਤੇ ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਮੁਹੰਮਦ ਅਸੀਮ, ਨਰੇਸ਼ ਨਾਰੰਗ, ਤੇਜਿੰਦਰ ਸ਼ਰਮਾ, ਜਤਿੰਦਰ ਸਿੰਘ ਉਰਫ ਟੋਨੀ, ਵਰਿੰਦਰ ਸਿੰਘ ਉਰਫ ਰਿੱਕੀ ਸਹੋਤਾ ਅਤੇ ਰਣਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਉੱਤੇ ਜੇਲ ਬ੍ਰੇਕ ਮਾਮਲੇ ਦੀ ਸਾਜ਼ਿਸ਼ ਰਚਣ, ਜੇਲ ਤੋੜਨ ਵਾਲੇ ਹਮਲਾਵਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ, ਪੈਸੇ ਦੇ ਕੇ ਮਦਦ ਕਰਨ ਅਤੇ ਬਾਅਦ 'ਚ ਉਨ੍ਹਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਸਨ। ਇਨ੍ਹਾਂ ਖ਼ਿਲਾਫ਼ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਸਾਰੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਜੇਲ੍ਹ ਬ੍ਰੇਕ ਹੋਣ ਸਮੇਂ ਫਰਾਰ ਹੋਏ ਕੁੱਝ ਦੋਸ਼ੀਆਂ ਦੀ ਹੋ ਚੁੱਕੀ ਹੈ ਮੌਤ: ਦੱਸ ਦਈਏ ਨਾਭਾ ਜੇਲ੍ਹ ਬ੍ਰੇਕ ਕਾਂਡ ਸਮੇਂ ਫਰਾਰ ਹੋਏ ਅੱਤਵਾਦੀ ਮਿੰਟੂ ਦੀ ਮੁੜ ਤੋਂ ਗ੍ਰਿਫਤਾਰ ਹੋਈ ਸੀ ਅਤੇ ਮਿੰਟੂ ਦੀ ਅਪ੍ਰੈਲ 2018 ਵਿੱਚ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਵਿੱਕੀ ਗੌਂਡਰ ਜਨਵਰੀ 2018 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਤੇ ਬਾਕੀ ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ ਅਤੇ ਅਮਨਦੀਪ ਸਿੰਘ ਉਰਫ਼ ਢੋਟੀਆਂ ਜੇਲ੍ਹ ਵਿੱਚ ਹਨ। ਇਸ ਤੋਂ ਇਲਾਵਾ ਅੱਤਵਾਦੀ ਕਸ਼ਮੀਰ ਸਿੰਘ ਫਿਲਹਾਲ ਫਰਾਰ ਹੈ।
ਇਹ ਵੀ ਪੜ੍ਹੋ: ਪੁਲਿਸ ਨੇ ਅੰਮ੍ਰਿਤਪਾਲ ਦਾ ਗੰਨੇਮੈਨ ਕੀਤਾ ਗ੍ਰਿਫ਼ਤਾਰ, ਅਜਨਾਲਾ ਕਾਂਡ 'ਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਮੁਲਜ਼ਮ