ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਵਿਚਾਲੇ ਖਿੱਚੋਤਾਣ ਸਿਖਰਾਂ 'ਤੇ ਹੈ। ਜ਼ਹਿਰਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪ੍ਰਤਾਪ ਬਾਜਵਾ ਅਤੇ ਸ਼ਮਸੇਰ ਦੁੱਲੋਂ ਨੇ ਰਾਜਪਾਲ ਨੂੰ ਮਿਲ ਕੇ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਂਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੀ ਸ਼ਿਕਾਇਤ ਸੋਨੀਆ ਗਾਂਧੀ ਨੂੰ ਕੀਤੀ ਤਾਂ ਹੁਣ ਪ੍ਰਤਾਪ ਬਾਜਵਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਨੂੰ ਬਚਾਉਣ ਲਈ ਕੈਪਟਨ ਅਤੇ ਜਾਖੜ ਨੂੰ ਪਾਰਟੀ 'ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜ਼ਹਿਰਲੀ ਸ਼ਰਾਬ ਕਾਂਡ ਵਿੱਚ ਬਣਾਈਆਂ ਸਿੱਟਾਂ ਦੀ ਜਾਂਚ 'ਤੇ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਕਿ ਪੀੜਤ ਪਰਿਵਾਰਾਂ ਨੂੰ ਕੋਈ ਇਨਸਾਫ ਮਿਲੇਗਾ। ਬਾਜਵਾ ਨੇ ਕਿਹਾ ਕਿ ਜੇ ਇਨਸਾਫ਼ ਮਿਲਣਾ ਹੁੰਦਾ ਤਾਂ ਉਨ੍ਹਾਂ ਰਾਜਪਾਲ ਕੋਲ ਜਾਣ ਦੀ ਲੋੜ ਨਾਂ ਪੈਂਦੀ। ਉਨ੍ਹਾਂ ਨੇ ਕਿਹਾ ਕਿ ਐਕਸਾਈਜ਼ ਅਤੇ ਪੁਲਿਸ ਵਿਭਾਗ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੈ ਅਤੇ ਕੈਪਟਨ ਦੇ ਹੀ ਲਗਾਏ ਹੋਏ ਅਫਸਰ ਕਿਵੇਂ ਇਸ ਦੀ ਜਾਂਚ ਸਹੀ ਕਰ ਸਕਦੇ ਹਨ, ਇਸ ਲਈ ਇਹ ਜਾਂਚ ਬੇਸਿੱਟਾ ਹੀ ਨਿਕਲੇਗੀ। ਉਨ੍ਹਾਂ ਕਿਹਾ ਜੇਕਰ ਸਹੀ ਮਾਅਨਿਆਂ ਵਿੱਚ ਇਨ੍ਹਾਂ ਕਤਲਾਂ ਨੂੰ ਲੱਭਣਾਂ ਤਾਂ ਸੀਬੀਆਈ, ਈਡੀ, ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਤੋਂ ਇਕੱਠੇ ਤੋਂ ਜਾਂਚ ਕਰਵਾਉਂਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕੇਂਦਰ ਦੀ ਹੋਵੇ ਤੇ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਇਨ੍ਹਾਂ ਦੀ ਮਦਦ ਕਰੇ।
ਇਸ ਦੇ ਨਾਲ ਬਾਜਵਾ ਨੇ ਕਿਹਾ ਕਿ ਜਦੋਂ ਵੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਤਾਂ ਜ਼ਰੂਰ ਮਿਲਣਗੇ ਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਚਾਉਣ ਸਬੰਧੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਕਾਂਗਰਸ ਵਿੱਚੋਂ ਕੱਢਣ ਦੀ ਗੱਲ ਆਖੀ ਹੈ, ਕਿਹਾ ਕਿ ਜੇਕਰ ਇਨ੍ਹਾਂ ਦੋਵਾਂ ਨੂੰ ਕਾਂਗਰਸ 'ਚੋਂ ਕੱਢ ਦਿੱਤਾ ਜਾਵੇ ਤਾਂ ਕਾਂਗਰਸ ਪਾਰਟੀ ਸੂਬੇ 'ਚ ਬਚ ਜਾਵੇਗੀ ਨਹੀਂ ਤਾਂ ਸੂਬੇ ਵਿੱਚ ਪਾਰਟੀ ਖਤਮ ਹੋ ਜਾਵੇਗੀ।