ਜਲੰਧਰ: ਕੈਪਟਨ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਇੱਕ ਵਾਰ ਮੁੜ ਤੋਂ ਉਸ ਦੇ ਹੀ ਵਿਧਾਇਕ ਨੇ ਸਵਾਲ ਚੱਕੇ ਹਨ। ਇਸ ਵਾਰ ਇਹ ਸਵਾਲ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਚੁੱਕੇ ਹਨ।
ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਇੱਕ ਚਿੱਠੀ ਲਿਖੀ ਹੈ। ਪਰਗਟ ਸਿੰਘ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਚੋਣਾਂ ਵੇਲੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ।
ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਵੇਲੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਨਸ਼ੇ ਨੂੰ ਕਾਬੂ ਕੀਤਾ ਜਾਵੇਗਾ, ਰੇਤ ਮਾਫ਼ੀਆ ਨੂੰ ਨਕੇਲ ਪਾਈ ਜਾਵੇਗੀ ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਜਿੱਤ ਦਵਾ ਕੇ ਸੱਤਾ ਵਿੱਚ ਭੇਜਿਆ ਸੀ ਪਰ ਨਾ ਤਾਂ ਸਰਕਾਰ ਨਸ਼ਾ ਰੋਕ ਸਕੀ ਹੈ ਅਤੇ ਨਾ ਹੀ ਰੇਤ ਮਾਫ਼ੀਆ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪਰਗਟ ਸਿੰਘ ਨੇ ਆਪਣੀ ਚਿੱਠੀ ਦੀ ਕਾਪੀ ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਭੇਜੀ ਹੈ ਤੇ ਇਹ ਚਿੱਠੀ ਇੱਕ ਮਹੀਨਾ ਪਹਿਲਾਂ ਲਿਖੀ ਗਈ ਸੀ।