ਚੰਡੀਗੜ੍ਹ: ਐਮ.ਬੀ.ਬੀ.ਐਸ. ਡਿਗਰੀ ਦੇ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਦੌਰਾਨ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖ਼ੀ ਕਰਨੀ ਯਕੀਨੀ ਬਣਾਈ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੰਜਾਬ ਰਾਜ 'ਚ ਮੈਡੀਕਲ ਕਾਲਜਾਂ ਵਿੱਚ ਦਾਖ਼ਲਿਆਂ ਲਈ ਬਣਾਏ ਗਏ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਵੀ ਡਾਕਟਰੀ ਦੀ ਪੜ੍ਹਾਈ ਕਰਨ ਦੇ ਇੱਛੁਕ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਹੁਣ ਤੋਂ ਹੀ ਨੀਤੀ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਓ ਪੀ ਸੋਨੀ ਨੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਆਉਂਦੇ ਹਸਪਤਾਲਾਂ ਦੇ ਪ੍ਰਿਸੀਪਲਾਂ ਨੂੰ ਹਦਾਇਤ ਦਿੱਤੀ ਕਿ ਉਹ ਇਨ੍ਹਾਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਸਮੂਹ ਮਰੀਜ਼ਾਂ ਨੂੰ ਹਰੇਕ ਸੰਭਵ ਸਹੂਲਤ ਦੇਣ ਤਾਂ ਜੋ ਲੋਕਾਂ ਦਾ ਸਰਕਾਰੀ ਸਿਸਟਮ ਵਿੱਚ ਭਰੋਸਾ ਹੋਰ ਮਜ਼ਬੂਤ ਹੋ ਸਕੇ।
ਇਹ ਵੀ ਪੜ੍ਹੋ: ਉਨਾਵ ਜਬਰ ਜਨਾਹ: ਕਾਂਗਰਸੀ ਔਰਤਾਂ ਨੇ ਮੋਦੀ ਤੇ ਯੋਗੀ ਵਿਰੁੱਧ ਕੀਤੀ ਨਾਅਰੇਬਾਜ਼ੀ
ਉਨ੍ਹਾਂ ਇਸ ਮੌਕੇ ਓ ਪੀ ਸੋਨੀ ਨੇ ਇਹ ਵੀ ਹਦਾਇਤ ਦਿੱਤੀ ਕਿ ਇਲਾਜ ਦੇ ਨਾਂਅ 'ਤੇ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਕੈਦੀ ਕਈ ਵਾਰ ਹਸਪਤਾਲਾਂ ਵਿੱਚ ਕਈ ਕਈ ਦਿਨ ਤੱਕ ਗ਼ਲਤ ਤਰੀਕਿਆਂ ਰਾਹੀਂ ਦਾਖ਼ਲ ਰਹਿੰਦੇ ਹਨ। ਇਸ 'ਤੇ ਵੀ ਪੂਰੀ ਤਰ੍ਹਾਂ ਠੱਲ੍ਹ ਪਾਈ ਜਾਵੇ ਅਤੇ ਜਿੰਨੇ ਦਿਨਾਂ ਦੀ ਮਰੀਜ਼ ਨੂੰ ਲੋੜ ਹੈ, ਉੰਨੇ ਦਿਨ ਹੀ ਅਜਿਹੇ ਮਰੀਜ਼ਾਂ ਨੂੰ ਦਾਖ਼ਲ ਰੱਖਿਆ ਜਾਵੇ। ਸੋਨੀ ਨੇ ਸਮੂਹ ਮੈਡੀਕਲ ਕੌਂਸਲਾਂ ਨੂੰ ਕਿਹਾ ਕਿ ਕਿਸੇ ਵੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆ ਗਿਆ ਤਾਂ ਖੱਜਲ ਖੁਆਰ ਕਰਨ ਵਾਲੇ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਇਸ ਮੌਕੇ ਮੈਡੀਕਲ ਕਾਲਜਾਂ ਦੇ ਪ੍ਰਿਸੀਪਲਾਂ ਨੇ ਕੁਝ ਮੰਗਾਂ ਵੀ ਰੱਖੀਆਂ, ਜਿਨ੍ਹਾਂ ਉੱਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਹਦਾਇਤ ਕੀਤੀ ਗਈ ਕਿ ਇਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਕੈਬਿਨੇਟ ਮੰਤਰੀ ਓ.ਪੀ. ਸੋਨੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਇੰਸਟੀਚਿਊਟ ਪੈਰਾਮੈਡੀਕਲ ਦੇ ਕੋਰਸਾਂ ਦੀਆਂ ਜਾਅਲੀ ਡਿਗਰੀਆਂ ਕਰਵਾ ਰਹੇ ਹਨ ਜਿਸ 'ਤੇ ਓ ਪੀ ਸੋਨੀ ਨੇ ਕਿਹਾ ਕਿ ਅਜਿਹੇ ਇੰਸਟੀਚਿਊਟ ਜੋ ਕਿ ਮਾਨਤਾ ਪ੍ਰਾਪਤ ਨਹੀਂ ਹਨ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਆਗਾਮੀ 10 ਦਿਨਾਂ ਅੰਦਰ ਅਮਲ ਵਿੱਚ ਲਿਆਂਦੀ ਜਾਵੇ।
ਇਹ ਵੀ ਪੜ੍ਹੋ: ਸਿੱਧੂ ਬਣ ਸਕਦੇ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ