ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਤਹਿਤ ਬੁੱਧਵਾਰ ਨੂੰ ਐਨਐਸਯੁਆਈ ਵੱਲੋਂ ਵੀ ਇਕ ਰੋਸ ਮੁਜ਼ਾਹਰਾ ਪੰਜਾਬ ਯੂਨੀਵਰਸਿਟੀ ਵਿਖੇ ਕੀਤਾ ਗਿਆ ਅਤੇ ਸੈਕਟਰ 17 ਤੱਕ ਰੈਲੀ ਕੱਢੀ ਗਈ। ਵਿਦਿਆਰਥੀਆਂ ਨੇ ਸਰਕਾਰ ਵਿਰੋਧੀ ਨਾਅਰੇ ਵੀ ਲਗਾਏ। ਰੈਲੀ ਦੀ ਅਗਵਾਈ ਕਰਦੇ ਹੋਏ ਐੱਨਐੱਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਨੇ ਕਿਹਾ ਕਿ ਦੇਸ਼ ਦੇ ਇੱਕ ਹਿੱਸੇ ਨੂੰ ਅਲੱਗ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਪਹਿਲਾਂ ਵੀ ਐੱਨਐੱਸਯੂਆਈ ਵਿਦਿਆਰਥੀਆਂ ਦੇ ਹੱਕਾਂ ਦੇ ਲਈ ਆਵਾਜ਼ ਚੁੱਕਦੀ ਰਹੀ ਹੈ ਅਤੇ ਹੁਣ ਦੇਸ਼ ਦੇ ਲੋਕਾਂ ਦੇ ਲਈ ਐਨਐਸਯੂਆਈ ਆਪਣਾ ਵਿਰੋਧ ਦਰਜ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਨੂੰ ਜਾਤੀ ਅਤੇ ਧਰਮ ਦੇ ਨਾਂ ਤੇ ਵੰਡਣਾ ਚਾਹੁੰਦੀ ਹੈ ਅਤੇ ਦੇਸ਼ ਦੇ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ ਪਰ ਦੇਸ਼ ਦੇ ਲੋਕ ਆਪਸ ਵਿੱਚ ਇਕਜੁੱਟ ਹਨ ਅਤੇ ਸਰਕਾਰ ਦਾ ਇਹ ਮਨਸੂਬਾ ਕਾਮਯਾਬ ਹੋਣ ਨਹੀਂ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਰੋਸ ਮੁਜ਼ਾਹਰੇ, ਧਰਨੇ ਅਤੇ ਪ੍ਰਦਰਸ਼ਨ ਬਹੁਤ ਚਿਰ ਦੇ ਹੋ ਰਹੇ ਹਨ ਪਰ ਐਨਸੀਯੂਆਈ ਵੱਲੋਂ ਅੱਜ ਤੱਕ ਉਨ੍ਹਾਂ ਮੁਜ਼ਾਹਰੇ ਅਤੇ ਪ੍ਰਦਰਸ਼ਨਾਂ ਦੇ ਵਿੱਚ ਭਾਗੀਦਾਰੀ ਨਹੀਂ ਵਿਖਾਈ ਗਈ ਸੀ।