ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਅਹੁਦੇ ਲਈ ਕੰਮ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲੋੜ ਹੈ। ਸਿੱਧੂ 40 ਕਰੋੜ ਰੁਪਏ ਦੀ ਨੌਕਰੀ ਛੱਡ ਕੇ ਇਸ ਕਰਕੇ ਘਰ ਬੈਠੇ ਹਨ ਕਿ ਪੰਜਾਬੀ ਅਤੇ ਕਿਸਾਨ ਇਹ ਨਾ ਸਮਝਣ ਕਿ ਅਸੀਂ ਦਿੱਲੀ ਬਾਰਡਰ 'ਤੇ ਧਰਨਾ ਦੇ ਰਹੇ ਹਾਂ ਅਤੇ ਨਵਜੋਤ ਸਿੰਘ ਸਿੱਧੂ ਪੈਸੇ ਕਮਾ ਰਿਹਾ ਹੈ। ਇਹ ਗੱਲ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਰਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵਲੋਂ ਆਲ ਇੰਡੀਆ ਜਾਟ ਮਹਾਂ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਬਣਨ ਤੋਂ ਬਾਅਦ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਗਈ।
ਨਵਜੋਤ ਸਿੰਘ ਸਿੱਧੂ ਦੇ ਰਾਜਨੀਤਕ ਭਵਿੱਖ ਬਾਰੇ ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਗੁਰੇਜ਼ ਕੀਤਾ ਪਰ ਉਨ੍ਹਾਂ ਨੇ ਇੱਕ ਗੱਲ ਸਾਫ਼ ਕੀਤੀ ਕਿ ਜੋ ਵੀ ਰਾਜਨੀਤਿਕ ਤੌਰ 'ਤੇ ਭਵਿੱਖ ਦਾ ਫ਼ੈਸਲਾ ਕਰਨਾ ਹੈ, ਉਹ ਖੁਦ ਨਵਜੋਤ ਸਿੰਘ ਸਿੱਧੂ ਹੀ ਕਰਨਗੇ । ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਹਮੇਸ਼ਾ ਪੰਜਾਬ ਦਾ ਭਲਾ ਹੀ ਮੰਗਿਆ ਗਿਆ ਹੈ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਅਹੁਦਾ ਹੀ ਚਾਹੀਦਾ ਹੁੰਦਾ ਤਾਂ ਉਹ ਕੇਂਦਰ 'ਚ ਇਸ ਸਮੇਂ ਮੰਤਰੀ ਹੁੰਦੇ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਛੱਡਿਆ ਅਤੇ ਆਪਣੀ ਨੌਕਰੀ ਵੀ ਛੱਡੀ, ਇਹ ਸਭ ਕੁਝ ਉਨ੍ਹਾਂ ਨੇ ਸਿਰਫ਼ ਪੰਜਾਬ ਬਾਰੇ ਸੋਚ ਕੇ ਕੀਤਾ।
ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਹੁਣ ਕਾਂਗਰਸ ਨੂੰ ਕਾਲੀਆਂ ਝੰਡੀਆਂ ਵਿਖਾਉਣ ਦੀ ਤਿਆਰੀ
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਅਹੁਦਾ ਮਿਲਿਆ ਹੈ ਉਸ 'ਤੇ ਉਹ ਪਰਪੱਕ ਹੋਣ ਲਈ ਹਰ ਯਤਨ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਇਸ ਬਾਰੇ ਕਈ ਵਾਰ ਬਹਿਸ ਹੋਈ ਪਰ ਉਹ ਹਮੇਸ਼ਾਂ ਇਹੀ ਕਹਿੰਦੇ ਨਜ਼ਰ ਆਏ ਕਿ ਮੈਂ ਉਹੀ ਕਰਾਂਗਾ ਜੋ ਮੇਰੀ ਜ਼ਿੰਦਗੀ ਦਾ ਮਕਸਦ ਹੈ ਅਤੇ ਮੇਰੀ ਜ਼ਿੰਦਗੀ ਦਾ ਮਕਸਦ ਸਿਰਫ਼ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਕਰਨਾ ਹੈ।
ਇਹ ਵੀ ਪੜ੍ਹੋ:ਪੀਐਮ ਦੇ ਪ੍ਰਮੁੱਖ ਸਲਾਹਕਾਰ ਪੀ ਕੇ ਸਿਨਹਾ ਨੇ ਦਿੱਤਾ ਅਸਤੀਫ਼ਾ