ਚੰਡੀਗੜ੍ਹ: ਪਿਛਲੇ ਕਰੀਬ 9 ਮਹੀਨੇ ਤੋਂ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਆਖ਼ਰ ਦੁਨੀਆਂ ਦੇ ਸਾਹਮਣੇ ਮੁੜ ਆ ਰਹੇ ਹਨ। ਨਵਜੋਤ ਸਿੱਧੂ ਮੁੜ ਰਾਜਨੀਤੀ ਵਿੱਚ ਉਭਰਨਗੇ। ਪੰਜਾਬੀਆਂ ਨਾਲ ਸਿੱਧੇ ਰੂਪ 'ਚ ਰੂਬਰੂ ਹੋਣ ਲਈ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਨਵਾਂ ਯੂ-ਟਿਊਬ ਚੈਨਲ ਸ਼ੁਰੂ ਕਰਨ ਜਾ ਰਹੇ ਹਨ। 'ਜਿੱਤੇਗਾ ਪੰਜਾਬ' ਨਾਂਅ ਦੇ ਇਸ ਯੂ-ਟਿਊਬ ਚੈਨਲ ਉੱਪਰ ਪੰਜਾਬ ਦੀ ਤਰੱਕੀ ਪਸੰਦ ਸੋਚ ਰੱਖਣ ਵਾਲਿਆਂ ਨੂੰ ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਖੁੱਲ੍ਹਾ ਸੱਦਾ ਹੋਵੇਗਾ।
ਨਵਜੋਤ ਸਿੰਘ ਸਿੱਧੂ ਨੇ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਕੇ ਇੱਕ ਵੀਡੀਓ ਜਾਰੀ ਕਰਦਿਆਂ ਆਪਣੇ ਯੂ-ਟਿਊਬ ਚੈਨਲ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਚੈਨਲ ਪੰਜਾਬ ਨੂੰ ਮੁੜ-ਉਸਾਰੀ ਅਤੇ ਪੁਨਰ-ਜਾਗ੍ਰਿਤੀ ਵੱਲ ਲੈ ਜਾਣ ਦੇ ਯਤਨ ਦਾ ਇੱਕ ਪਲੇਟਫਾਰਮ ਹੋਵੇਗਾ। 9 ਮਹੀਨਿਆਂ ਦੇ ਆਤਮ-ਮੰਥਨ ਤੇ ਆਤਮ-ਉਥਾਨ ਤੋਂ ਬਾਅਦ 4 ਵਾਰ ਲੋਕ ਸਭਾ ਮੈਂਬਰ ਰਹੇ ਤੇ ਸਾਬਕਾ ਮੰਤਰੀ ਵਿਧਾਇਕ (ਅੰਮ੍ਰਿਤਸਰ ਪੂਰਬੀ) ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਭੱਖਦੇ ਮਸਲਿਆਂ ਉੱਪਰ ਆਵਾਜ਼ ਬੁਲੰਦ ਕਰਨਗੇ।
ਪੰਜਾਬ ਦੀ ਮੁੜ-ਉਸਾਰੀ ਇਕ ਕਲਿਆਣਕਾਰੀ ਰਾਜ ਦੇ ਰੂਪ ਵਿੱਚ ਕਰਨ ਦਾ ਠੋਸ ਰੋਡ ਮੈਪ ਵਿਚਾਰਨਗੇ। ਇਹ ਚੈਨਲ ਗੁਰੂ ਨਾਨਕ ਦੇਵ ਜੀ ਵਲੋਂ ਦਰਸ਼ਾਏ ਵਿਸ਼ਵ ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਰੱਖੇਗਾ।
ਚੈਨਲ ਦਾ ਵੇਰਵਾ ਇਸ ਤਰ੍ਹਾਂ ਹੈ:
ਬਾਬੇ ਦੀ ਰਾਹ, ਸਾਡੀ ਰਾਹ...
"ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ"
"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ"
"ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ"
"ਨਾ ਮੇਰਾ ਨਾ ਤੇਰਾ,
ਸਿਰਜੀਏ ਆਪਣਾ ਪੰਜਾਬ ।
ਪੰਜਾਬ ਦੇ ਭਲੇ ਵਿੱਚ ਸਭ ਦਾ ਭਲਾ,
ਪੰਜਾਬ ਦੇ ਕਲਿਆਣ ਵਿੱਚ ਸਭ ਦਾ ਕਲਿਆਣ ।
ਹਿੱਸੇਦਾਰ ਬਣੋ, ਭਾਗੀਦਾਰ ਬਣੋ ।"
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪਣਾ ਵਿਭਾਗ ਬਦਲੇ ਜਾਣ 'ਤੇ ਕੈਬਿਨੇਟ ਚੋਂ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਕਾਫੀ ਸਮੇਂ ਤੱਕ ਸੁਰਖੀਆਂ ਵਿੱਚ ਨਹੀਂ ਸਨ।
ਇਹ ਵੀ ਪੜ੍ਹੋ:ਸਾਰਕ (SAARC) ਦੇਸ਼ਾਂ ਨਾਲ ਵੀਡੀਓ ਕਾਂਨਫਰੰਸ ਵਿੱਚ ਸ਼ਾਮਲ ਹੋਵੇਗਾ ਪਾਕਿਸਤਾਨ