ਚੰਡੀਗੜ੍ਹ: 3 ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਦਿੱਲੀ ਦੀ ਸਰਹੱਦਾਂ ਉਤੇ ਡਟੇ ਹੋਏ ਨੇ। ਕੇਂਦਰਸ ਸਰਕਾਰ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋਈ ਹੈ। ਇਸੇ ਰੋਸ ਵਜੋਂ ਦੇਸ਼ ਭਰ ਚ ਕਿਸਾਨਾਂ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਕਿਸਾਨਾਂ ਦੇ ਇਸ ਕਾਲੇ ਦਿਹਾੜੇ ਨੂੰ ਦੇਸ਼ ਭਰ ਤੋਂ ਸਮਰਥਨ ਮਿਲ ਰਿਹਾ ਹੈ।
ਹੁਣ ਤੱਕ ਸੋਸ਼ਲ ਮੀਡੀਆ ਜ਼ਰੀਏ ਆਪਣੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲਣ ਵਾਲੇ ਨਵਜੋਤ ਸਿੰਘ ਸਿੱਧੂ ਵੀ ਹੁਣ ਕਿਸਾਨਾਂ ਦੇ ਹੱਕ ਚ ਆ ਚੁੱਕੇ ਨੇ। ਸਿੱਧੂ ਨੇ 26 ਮਈ ਨੂੰ ਕਿਸਾਨਾਂ ਦੇ ਕਾਲੇ ਦਿਹਾੜੇ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਟਵਿਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ 25 ਮਈ ਨੂੰ ਕਿਸਾਨਾਂ ਦੇ ਹੱਕ ਆਪਣੀ ਪਟਿਆਲਾ ਤੇ ਅੰਮ੍ਰਿਤਸਰ ਰਿਹਾਇਸ਼ ਉਤੇ ਕਾਲਾ ਝੰਡਾ ਲਹਿਰਾਉਣਗੇ। ਨਵਜੋਤ ਸਿੱਧੂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 26 ਮਈ ਨੂੰ ਸਾਰੇ ਆਪੋ ਆਪਣੇ ਘਰਾਂ ਉਤੇ ਕਾਲੇ ਝੰਡੇ ਲਹਿਰਾਉਣ।
12 ਵੱਡੀਆਂ ਵਿਰੋਧੀ ਪਾਰਟੀਆਂ ਨੇ ਕੀਤੀ ਕਿਸਾਨਾਂ ਦੀ ਹਮਾਇਤ
ਦੇਸ਼ ਦੀਆਂ 12 ਵੱਡੀਆਂ ਵਿਰੋਧੀ ਪਾਰਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਈ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕੀਤੀ ਹੈ। ਦੱਸ ਦੇਈਏ ਕਿ 26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਸੰਯੁਕਤ ਬਿਆਨ 'ਚ ਸੋਨੀਆ ਗਾਂਧੀ (ਕਾਂਗਰਸ), ਐਚਡੀ ਦੇਵੇਗੌੜਾ (ਜੇਡੀਐਸ), ਸ਼ਰਦ ਪਵਾਰ (ਐਨਸੀਪੀ), ਮਮਤਾ ਬੈਨਰਜੀ (ਟੀਐਮਸੀ), ਊਧਵ ਠਾਕਰੇ (ਸ਼ਿਵ ਸੈਨਾ), ਐਮਕੇ ਸਟਾਲਿਨ (ਡੀਐਮਕੇ), ਹੇਮੰਤ ਸੋਰੇਨ (ਜੇਐਮਐਮ), ਫਾਰੂਕ ਅਬਦੁੱਲਾ (ਜੇਕੇਪੀਏ), ਅਖਿਲੇਸ਼ ਯਾਦਵ (ਸਪਾ), ਤੇਜਸ਼ਵੀ ਯਾਦਵ (ਆਰਜੇਡੀ), ਡੀਰਾਜਾ (ਸੀਪੀਆਈ) ਅਤੇ ਸੀਤਾਰਾਮ ਯੇਚੁਰੀ (ਸੀਪੀਐਨ) ਨੇ ਦਸਤਖਤ ਕੀਤੇ ਹਨ।
ਕੀ ਹੈ 26 ਮਈ ਨੂੰ
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ 40 ਕਿਸਾਨ ਯੂਨੀਅਨਾਂ ਦੇ ਪ੍ਰਮੁੱਖ ਸੰਗਠਨ, ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਪ੍ਰਦਰਸ਼ਨ ਦੇ ਛੇ ਮਹੀਨੇ ਪੂਰੇ ਹੋਣ 'ਤੇ 26 ਮਈ ਨੂੰ ‘ਕਾਲਾ ਦਿਵਸ’ ਵਜੋਂ ਮਨਾਇਆ ਜਾਵੇਗਾ। ਡਿਜੀਟਲ ਤਰੀਕੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 26 ਮਈ ਨੂੰ ਲੋਕਾਂ ਨੂੰ ਆਪਣੇ ਘਰਾਂ, ਵਾਹਨਾਂ, ਦੁਕਾਨਾਂ ’ਤੇ ਕਾਲੇ ਝੰਡੇ ਲਗਾਉਣ ਦੀ ਅਪੀਲ ਕੀਤੀ ਹੈ।
26 ਮਈ ਨੂੰ ਮੋਦੀ ਸਰਕਾਰ ਦੇ 7 ਸਾਲ ਪੂਰੇ
'26 ਮਈ ਨੂੰ ਇਸ ਪ੍ਰਦਰਸ਼ਨ ਦੇ ਛੇ ਮਹੀਨੇ ਹੋਣਗੇ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਦੇ ਸੱਤ ਸਾਲ ਪੂਰੇ ਹੋਣ ਦੇ ਮੌਕੇ 'ਤੇ ਹੋ ਰਿਹਾ ਹੈ। ਅਸੀਂ ਇਸ ਨੂੰ ਕਾਲੇ ਦਿਵਸ ਵਜੋਂ ਮਨਾਵਾਂਗੇ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ‘ਦਿੱਲੀ ਚਲੋ’ ਮਾਰਚ ਦੇ ਹਿੱਸੇ ਵਜੋਂ ਵੱਡੇ ਪੱਧਰ ’ਤੇ ਕਿਸਾਨ ਪਾਣੀ ਦੀਆਂ ਬੌਛਾਰਾਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਦਿਆਂ 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਆਏ ਸਨ।