ਚੰਡੀਗੜ੍ਹ: ਪੰਜਾਬ ਦੇ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ 21 ਸਾਲਾ ਅੰਜਲੀ ਦਾ ਚੰਡੀਗੜ੍ਹ 'ਚ ਕਤਲ ਕਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ। ਇਸ ਦੇ ਨਾਲ ਹੀ, ਪੁਲਿਸ ਨੇ ਇਸ ਮਾਮਲੇ 'ਚ ਜਲੰਧਰ ਦੇ ਪਿੰਡ ਸ਼ੇਰਪੁਰ ਦੇ ਰਹਿਣ ਵਾਲੇ ਜਗਰੂਪ ਸਿੰਘ (24) ਨੂੰ ਗ੍ਰਿਫਤਾਰ ਕੀਤਾ ਹੈ। ਅੰਜਲੀ ਦੀ ਲਾਸ਼ 28 ਅਕਤੂਬਰ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਪਿੱਛੇ ਜੰਗਲੀ ਇਲਾਕੇ ਵਿੱਚੋਂ ਮਿਲੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਅੰਜਲੀ ਜਗਰੂਪ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਹ ਅਤੇ ਜਗਰੂਪ ਰਿਲੇਸ਼ਨਸ਼ਿਪ ਵਿੱਚ ਸਨ। ਜਦੋਂ ਜਗਰੂਪ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਸ 'ਤੇ ਦਬਾਅ ਬਣਾ ਰਹੀ ਸੀ। ਅਜਿਹੇ 'ਚ ਉਸ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ। ਇਸ ਤੋਂ ਬਾਅਦ 27/28 ਅਕਤੂਬਰ ਦੀ ਰਾਤ ਨੂੰ ਸੁਖਨਾ ਝੀਲ ਦੇ ਪਿੱਛੇ ਰੈਗੂਲੇਟਰੀ ਸਿਰੇ ਕੋਲ ਉਸ ਦਾ ਕਤਲ ਕਰਕੇ ਆਪਣੇ ਘਰ ਚਲਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਅੱਜ ਸ਼ਾਮ 4 ਵਜੇ ਸੈਕਟਰ 32 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਨੇੜਿਓਂ ਕਾਬੂ ਕੀਤਾ ਗਿਆ। ਜਗਰੂਪ ਦੇ ਪਿਤਾ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਤਰਸ ਦੇ ਆਧਾਰ 'ਤੇ ਨੌਕਰੀ ਲੈਣ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਜਗਰੂਕ ਸਿੰਘ ਨਾਲ ਪਿਛਲੇ ਕਈ ਮਹੀਨਿਆਂ ਤੋਂ ਸਬੰਧਾਂ ਵਿੱਚ ਸੀ। ਪੁਲਿਸ ਨੇ ਦੱਸਿਆ ਹੈ ਕਿ ਜਗਰੂਪ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ।
28 ਅਕਤੂਬਰ ਨੂੰ ਸੁਖਨਾ ਝੀਲ 'ਤੇ ਰੈਗੂਲੇਟਰੀ ਸਿਰੇ 'ਤੇ ਝਾੜੀਆਂ 'ਚੋਂ ਅੰਜਲੀ ਦੀ ਲਾਸ਼ ਮਿਲੀ ਸੀ। ਉਸ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਚੁੰਨੀ ਉਸ ਦੇ ਗਲੇ ਵਿੱਚ ਲਪੇਟੀ ਹੋਈ ਸੀ। ਉਸ ਦੀ ਲਾਸ਼ ਝਾੜੀਆਂ ਵਿੱਚ ਇੱਕ ਰਾਹਗੀਰ ਨੇ ਦੇਖੀ। ਲਾਸ਼ ਦੇ ਉੱਪਰ ਇੱਕ ਦਰੱਖਤ ਦੀ ਟਾਹਣੀ ਵੀ ਪਈ ਸੀ। ਪੋਸਟਮਾਰਟਮ ਰਿਪੋਰਟ 'ਚ ਉਸ ਦੇ ਚਿਹਰੇ ਅਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਸਾਹਮਣੇ ਆਏ ਹਨ। ਅਜਿਹੇ 'ਚ ਪੁਲਿਸ ਨੇ ਇਸ ਨੂੰ ਕਤਲ ਮੰਨ ਕੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਹੈ।
ਪਰਿਵਾਰ ਦੇ ਇਨਕਾਰ ਕਰਨ ਦੇ ਬਾਵਜੂਦ ਮਾਮਲਾ ਸ਼ੱਕੀ ਹੁੰਦਾ ਦੇਖ ਚੰਡੀਗੜ੍ਹ ਪੁਲਿਸ ਨੇ ਉਸ ਦਾ ਪੋਸਟਮਾਰਟਮ ਕਰਵਾਇਆ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਅੰਜਲੀ ਦਾ ਮੋਬਾਈਲ ਫੋਨ ਮੌਕੇ ਤੋਂ ਗਾਇਬ ਸੀ। ਪਰਸ, ਨਕਦੀ, ਡਾਇਰੀ ਆਦਿ ਉੱਥੇ ਹੀ ਸੀ। ਪੁਲਿਸ ਨੇ ਬੈਗ ਵਿੱਚ ਪਈ ਡਾਇਰੀ ਤੋਂ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ ਸੀ ਅਤੇ ਮ੍ਰਿਤਕ ਦੇ ਸਰੀਰ ਅਤੇ ਹੋਰ ਚੀਜ਼ਾਂ ਦੇ ਸੈਂਪਲ ਲਏ ਗਏ ਸਨ।
ਦੱਸ ਦਈਏ ਕਿ ਅੰਜਲੀ ਜਲੰਧਰ ਦੇ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਸੀ ਅਤੇ 27 ਅਕਤੂਬਰ ਨੂੰ ਸਵੇਰੇ 11 ਵਜੇ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਚਰਚ ਜਾ ਰਹੀ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ 1 ਵਜੇ ਦੇ ਕਰੀਬ ਚੰਡੀਗੜ੍ਹ ਤੋਂ ਉਸ ਦੀ ਲਾਸ਼ ਮਿਲੀ।
ਇਸ ਤਰ੍ਹਾਂ ਪੁਲਿਸ ਪਹੁੰਚੀ ਮੁਲਜ਼ਮ ਜਗਰੂਪ ਤੱਕ: ਪੁਲਿਸ ਨੇ ਆਪਣੀ ਜਾਂਚ 'ਚ ਇਹ ਵੀ ਪਤਾ ਲਗਾਇਆ ਸੀ ਕਿ ਅੰਜਲੀ ਨੇ ਆਖਰੀ ਵਾਰ ਕਿਸ ਨਾਲ ਗੱਲ ਕੀਤੀ ਸੀ। ਇਸ ਦੇ ਨਾਲ ਹੀ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਉਹ ਕਿਸੇ ਨੂੰ ਮਿਲਣ ਲਈ ਝੀਲ 'ਤੇ ਆਈ ਸੀ ਜਾਂ ਖੁਦਕੁਸ਼ੀ ਦੇ ਮਕਸਦ ਨਾਲ ਆਈ ਸੀ। ਅੰਜਲੀ ਦੇ ਪਰਿਵਾਰ ਨੇ ਪੁਲਸ ਪੁੱਛਗਿੱਛ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਲੜਕੀ ਦੇ ਜਗਰੂਪ ਸਿੰਘ ਨਾਲ ਨਜ਼ਦੀਕੀ ਸਬੰਧ ਸਨ। ਪੁਲਿਸ ਨੇ ਮ੍ਰਿਤਕ ਦੇ ਫ਼ੋਨ ਨੰਬਰ ਦੇ ਸੋਸ਼ਲ ਮੀਡੀਆ ਰਿਕਾਰਡ ਦੀ ਤਲਾਸ਼ੀ ਲਈ। ਇਸ ਦੇ ਨਾਲ ਹੀ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਕੁਝ ਸਬੂਤ ਵੀ ਮਿਲੇ ਹਨ। ਖ਼ੁਫ਼ੀਆ ਸੂਤਰਾਂ ਤੋਂ ਇਹ ਗੱਲ ਸਾਫ਼ ਹੋ ਗਈ ਕਿ ਅੰਜਲੀ ਦੇ ਜਗਰੂਪ ਸਿੰਘ ਨਾਲ ਸਬੰਧ ਸਨ। ਉਹ ਸ਼ਾਇਦ ਉਸ ਨਾਲ ਚੰਡੀਗੜ੍ਹ ਆਈ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਪਰਿਵਾਰ ਦੇ ਕੁਝ ਸੰਪਰਕ ਨੰਬਰ ਮਿਲੇ ਹਨ। ਮ੍ਰਿਤਕ ਦੇ ਨਜ਼ਦੀਕੀ ਦੇ ਕੁਝ ਲੋਕਾਂ ਨਾਲ ਸੰਪਰਕ ਕੀਤਾ ਗਿਆ ਸੀ।
ਪਿਤਾ ਨੇ ਦਰਜ ਕਰਾਈ ਸੀ ਸ਼ਿਕਾਇਤ: ਇਹ ਮਾਮਲਾ ਜਲੰਧਰ ਦੇ ਪਿੰਡ ਸਾਗਰਪੁਰ ਵਾਸੀ ਮ੍ਰਿਤਕ ਦੇ ਪਿਤਾ ਕੁਲਬੀਰ ਰਾਮ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਭਰਾ ਬਲਵਿੰਦਰ ਸਿੰਘ ਨੇ ਉਸ ਨੂੰ ਉਸ ਦੀ ਲੜਕੀ ਅੰਜਲੀ (21) ਦੀ ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਲਾਸ਼ ਮਿਲਣ ਬਾਰੇ ਸੂਚਿਤ ਕੀਤਾ ਸੀ। ਚੰਡੀਗੜ੍ਹ ਪਹੁੰਚ ਕੇ ਉਸ ਨੇ ਆਪਣੀ ਧੀ ਦੀ ਪਛਾਣ ਕਰ ਲਈ ਸੀ। ਪੁਲਸ ਨੇ ਦੱਸਿਆ ਕਿ ਜਗਰੂਪ ਦਾ ਅੰਜਲੀ ਨਾਲ ਅਫੇਅਰ ਸੀ ਅਤੇ ਉਹ ਜਗਰੂਪ ਨਾਲ ਵਿਆਹ ਕਰਨਾ ਚਾਹੁੰਦੀ ਸੀ। ਹਾਲਾਂਕਿ ਜਗਰੂਪ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਅੰਜਲੀ ਉਸ 'ਤੇ ਵਿਆਹ ਲਈ ਬਹੁਤ ਦਬਾਅ ਪਾ ਰਹੀ ਸੀ। ਉਸ ਨੇ ਅੰਜਲੀ ਨੂੰ ਮਾਰਨ ਦੀ ਯੋਜਨਾ ਵੀ ਬਣਾਈ।
27 ਅਕਤੂਬਰ ਨੂੰ ਜਗਰੂਪ ਜਲੰਧਰ ਬੱਸ ਸਟੈਂਡ ਤੋਂ ਚੰਡੀਗੜ੍ਹ ISBT43 ਲੈ ਕੇ ਅੰਜਲੀ ਪਹੁੰਚਿਆ ਸੀ। ਆਟੋ ਲੈ ਕੇ ਸੁਖਨਾ ਝੀਲ ਕੋਲ ਆਏ। ਰਾਤ ਵੇਲੇ ਉਹ ਸੁਖਨਾ ਝੀਲ ਦੇ ਪਿੱਛੇ ਗਾਰਡਨ ਆਫ਼ ਸਾਈਲੈਂਸ ਨੇੜੇ ਜੰਗਲੀ ਖੇਤਰ ਵਿੱਚ ਗਿਆ। ਇੱਥੇ ਉਸ ਨੇ ਅੰਜਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਮੁਲਜ਼ਮ ਆਪਣੇ ਘਰ ਚਲਾ ਗਿਆ। ਪੁਲਿਸ ਇਸ ਨੂੰ ਕਤਲ ਦੀ ਯੋਜਨਾ ਮੰਨ ਕੇ ਚਲ ਰਹੀ ਹੈ।
ਇਹ ਵੀ ਪੜ੍ਹੋ: ਨਸ਼ੇ ਦਾ ਟੀਕਾ ਲਗਾਉਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ