ਚੰਡੀਗੜ੍ਹ : ਜਲੰਧਰ ਸ਼ਹਿਰ ਵਿੱਚ ਸਭ ਕੁਝ ਠੀਕ ਨਹੀਂ ਹੈ ਚੱਲ ਰਿਹਾ, ਜਿਸ ਤਰ੍ਹਾਂ ਅਪਰਾਧਿਕ ਮਾਮਲੇ ਵਧ ਰਹੇ ਹਨ, ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ। ਜਲੰਧਰ ਦੀ ਮਸ਼ਹੂਰ ਬਰਲਟਨ ਪਾਰਕ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਰਲਟਨ ਪਾਰਕ ਵਿਚ ਮਕਸੂਦਾਂ ਸਬਜ਼ੀ ਮੰਡੀ ਵਿਚ ਕੰਮ ਕਰਨ ਵਾਲੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਸੱਤਾ ਘੁਮਾਣ ਵਜੋਂ ਹੋਈ ਹੈ, ਜੋਕਿ ਵੇਰਕਾ ਮਿਲਕ ਪਲਾਂਟ ਦਾ ਰਹਿਣ ਵਾਲਾ ਸੀ। ਸੱਤਾ ਸਬਜ਼ੀ ਮੰਡੀ ਵਿਚ ਠੇਕੇਦਾਰੀ ਦਾ ਕੰਮ ਕਰਦਾ ਸੀ। ਸੱਤਾ ਦੀ ਲਾਸ਼ ਖ਼ੂਨ ਨਾਲ ਲਥਪਥ ਬਰਲਟਨ ਪਾਰਕ ਵਿਚੋਂ ਮਿਲੀ ਹੈ।
ਪਾਰਕਿੰਗ ਦੀ ਵਸੂਲੀ ਨੂੰ ਲੈ ਕੇ ਹੋਇਆ ਸੀ ਵਿਵਾਦ : ਵੇਰਕਾ ਮਿਲਕ ਪਲਾਂਟ ਨੇੜੇ ਬੈਂਕ ਕਲੋਨੀ ਦਾ ਵਸਨੀਕ ਸਤਨਾਮ ਮਕਸੂਦਾਂ ਨਵੀਂ ਸਬਜ਼ੀ ਮੰਡੀ ਦੇ ਗੇਟ ’ਤੇ ਸਾਈਕਲ ਪਾਰਕਿੰਗ ਦਾ ਕਰਿੰਦਾ ਸੀ ਪਰ ਸਬਜ਼ੀ ਮੰਡੀ ’ਚ ਹੀ ਵਸੂਲੀ ਅਤੇ ਚੌਕੀਦਾਰੀ ਨੂੰ ਲੈ ਕੇ ਕਿਸੇ ਨਾਲ ਝਗੜਾ ਹੋ ਗਿਆ। ਇਸੇ ਝਗੜੇ ਵਿੱਚ ਅੱਜ ਤੜਕੇ 3.30 ਤੋਂ 4.00 ਵਜੇ ਦੇ ਦਰਮਿਆਨ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸੱਤਾ ਘੁਮਾਣ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Bandi Singh Got Parole : ਕੌਮੀ ਇਨਸਾਫ਼ ਮੋਰਚਾ ਦੇ ਸੰਘਰਸ਼ ਨੂੰ ਪਿਆ ਬੂਰ, ਇਸ ਬੰਦ ਬੰਦੀ ਸਿੰਘ ਨੂੰ ਮਿਲੀ 2 ਮਹੀਨਿਆਂ ਦੀ ਪੈਰੋਲ
ਲਗਾਤਾਰ ਵਧਦੀਆਂ ਜਾ ਰਹੀਆਂ ਨੇ ਵਾਰਦਾਤਾਂ : ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਸੱਤਾ ਦਾ ਪਿਤਾ ਆਰਮੀ ਤੋਂ ਕੈਪਟਨ ਰਿਟਾਇਰਡ ਹਨ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਦਿਨਾਂ ਦੇ ਅੰਦਰ ਜਲੰਧਰ ਸ਼ਹਿਰ ਵਿਚ ਇਹ ਦੂਜਾ ਕਤਲ ਹੈ। ਬੀਤੇ ਦਿਨ ਵੀ ਦੋਮੋਰੀਆ ਪੁਲ ਦੇ ਕੋਲ ਲੁਟੇਰਿਆਂ ਨੇ ਲੁੱਟਖੋਹ ਦੀ ਨੀਅਤ ਨਾਲ ਪ੍ਰਵਾਸੀ ਵਿਅਕਤੀ ਦਾ ਕਤਲ ਕਰ ਦਿੱਤਾ ਸੀ।