ETV Bharat / state

10 ਲੱਖ ਤੋਂ ਜ਼ਿਆਦਾ ਪੰਜਾਬੀ ਨਸ਼ੇ ਦੇ ਆਦੀ, ਡੇਢ ਦਹਾਕੇ ਤੋਂ ਪੰਜਾਬ ਦੀਆਂ ਜੜਾਂ 'ਚ ਬੈਠਾ ਨਸ਼ਾ, ਨਸ਼ਾ ਕਿਉਂ ਨਹੀਂ ਖਤਮ ਕਰ ਸਕੀ ਸਰਕਾਰ ? ਖ਼ਾਸ ਰਿਪੋਰਟ - 3 ਫ਼ੀਸਦੀ ਅਬਾਦੀ ਨਸ਼ਾ ਕਰਦੀ ਹੈ

ਪੰਜਾਬ ਦੀ ਪੌਣੇ 3 ਕਰੋੜ ਦੀ ਅਬਾਦੀ ਵਿੱਚੋਂ 10 ਲੱਖ ਨਸ਼ੇ ਦੀ ਆਦੀ ਹੈ। ਜੋ ਕਿ ਪੂਰੀ ਅਬਾਦੀ ਦਾ 3 ਪ੍ਰਤੀਸ਼ਤ ਹਿੱਸਾ ਹੈ ਇੱਥੇ ਹੀ ਬੱਸ ਨਹੀਂ ਸਰਕਾਰਾਂ ਨਸ਼ੇ ਨੂੰ ਲਗਾਮ ਲਗਾਉਣ ਵਿੱਚ ਨਕਾਮਯਾਬ ਰਹੀਆਂ ਅਤੇ ਇਹ ਸਮੱਸਿਆ ਲਗਾਤਾਰ ਵਧ ਰਹੀ ਹੈ। ਇਸ ਗੰਭੀਰ ਸਮੱਸਿਆ ਕਰਕੇ ਪੰਜਾਬ ਦੀ ਜਵਾਨੀ ਗਲਤਾਨ ਹੋ ਰਹੀ ਹੈ।

More than 10 lakh people are addicted to drugs in Punjab
10 ਲੱਖ ਤੋਂ ਜ਼ਿਆਦਾ ਪੰਜਾਬੀ ਨਸ਼ੇ ਦੇ ਆਦੀ, ਡੇਢ ਦਹਾਕੇ ਤੋਂ ਪੰਜਾਬ ਦੀਆਂ ਜੜਾਂ 'ਚ ਬੈਠਾ ਨਸ਼ਾ, ਨਸ਼ਾ ਕਿਉਂ ਨਹੀਂ ਖਤਮ ਕਰ ਸਕੀ ਸਰਕਾਰ ? ਖ਼ਾਸ ਰਿਪੋਰਟ
author img

By

Published : Mar 31, 2023, 4:02 PM IST

ਚੰਡੀਗੜ੍ਹ: ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਵਹਿੰਦਾ ਹੈ ਜੋ ਪੰਜਾਬ ਦੀ ਖੁਸ਼ਹਾਲੀ ਨੂੰ ਆਪਣੇ ਨਾਲ ਵਹਾ ਕੇ ਲਿਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਵਿਧਾਨ ਸਭਾ ਵਿਚ ਅੰਕੜੇ ਸਾਂਝੇ ਕੀਤੇ ਕਿ ਪੰਜਾਬ ਦੇ 10 ਲੱਖ ਲੋਕ ਨਸ਼ਾ ਕਰਦੇ ਹਨ। ਪੰਜਾਬ ਦੀ ਅਬਾਦੀ 3.17 ਕਰੋੜ ਹੈ ਜਿਸਦੇ ਹਿਸਾਬ ਨਾਲ ਪੰਜਾਬ ਦੀ 3 ਫ਼ੀਸਦੀ ਅਬਾਦੀ ਨਸ਼ਾ ਕਰਦੀ ਹੈ। ਦਹਾਕੇ ਤੋਂ ਵੀ ਜ਼ਿਆਦਾ ਦਾ ਵਕਤ ਹੋ ਗਿਆ ਜਦੋਂ ਤੋਂ ਪੰਜਾਬ ਵਿੱਚ ਨਸ਼ੇ ਦੀ ਸਥਿਤੀ ਬੇਕਾਬੂ ਹੋ ਗਈ । ਹਰ ਰੋਜ਼ ਨਸ਼ੇ ਨਾਲ ਝੂਲਦੇ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦੀ ਵੀ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ। ਹਰ ਘਰ ਵਿੱਚ ਨਸ਼ੇ ਨਾਲ ਸੱਥਰ ਵਿਛ ਰਹੇ ਹਨ ਅਤੇ ਇਸ ਉੱਤੇ ਠੱਲ੍ਹ ਪਾਉਣ ਵਿਚ ਹੁਣ ਤੱਕ ਸਰਕਾਰਾਂ ਵੀ ਬੇਵੱਸ ਨਜ਼ਰ ਆਈਆਂ। ਅਜਿਹੀ ਸਥਿਤੀ 'ਚ ਸਵਾਲ ਇਹ ਹੈ ਕਿ ਹੁਣ ਤੱਕ ਸਰਕਾਰਾਂ ਨਸ਼ਾ ਰੋਕ ਕਿਉਂ ਨਹੀਂ ਸਕੀਆਂ ?



10 ਲੱਖ ਤੋਂ ਜ਼ਿਆਦਾ ਪੰਜਾਬੀ ਨਸ਼ੇ ਦੀ ਦਲਦਲ 'ਚ : ਪੰਜਾਬ ਵਿਧਾਨ ਸਭਾ ਵਿਚ ਸਿਹਤ ਮੰਤਰੀ ਡਾਕਟਰ ਬਲਬੀਰ ਵੱਲੋਂ ਜੋ ਅੰਕੜੇ ਸਾਂਝੇ ਕੀਤੇ ਉਹਨਾਂ ਅਨੁਸਾਰ 10 ਲੱਖ ਪੰਜਾਬੀ ਨਸ਼ੇ ਦੀ ਦਲਦਲ ਵਿ$ਚ ਧਸੇ ਹੋਏ ਹਨ ਗਿਣਤੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਡਾ. ਬਲਬੀਰ ਨੇ ਦੱਸਿਆ ਕਿ 2.62 ਲੱਖ ਨਸ਼ੇੜੀ ਅਜਿਹੇ ਹਨ ਜੋ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਅਤੇ 6.12 ਲੱਖ ਨਸ਼ੇੜੀ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ। ਕੁਝ ਲੋਕ ਸਮਾਜਿਕ ਝਿਜਕ ਦੇ ਕਾਰਨ ਨਸ਼ਾ ਛੁਡਾਉਣ ਲਈ ਅੱਗੇ ਆਉਂਦੇ ਹੀ ਨਹੀਂ। ਸੂਬੇ ਵਿੱਚ 528 ਓਓਏਟੀ ਕੇਂਦਰ, 36 ਸਰਕਾਰੀ ਨਸ਼ਾ ਛੁਡਾਊ ਕੇਂਦਰ, 185 ਪ੍ਰਾਈਵੇਟ, 19 ਸਰਕਾਰੀ ਰੀਹੈਬ ਅਤੇ 74 ਪ੍ਰਾਈਵੇਟ ਹੋਣ ਦੇ ਬਾਵਜੂਦ ਨਸ਼ੇੜੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ ਹੈ।



ਹੁਣ ਤੱਕ ਕਿਉਂ ਨਹੀਂ ਸੁਕਿਆ ਨਸ਼ੇ ਦਾ ਦਰਿਆ ?: ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਨੇ ਪੰਜਾਬ ਵਿੱਚ ਨਸ਼ੇ ਦੀ ਸਥਿਤੀ 'ਤੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਹਨਾਂ ਅਨੁਸਾਰ ਪੰਜਾਬ ਦੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਕਰਕੇ ਹੁਣ ਤੱਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰ ਸਕੀ। ਹਰ ਚੀਜ਼ ਵਿਚ ਬਿਆਨਬਾਜ਼ੀ ਜ਼ਿਆਦਾ ਹੈ ਅਤੇ ਇੱਛਾ ਸ਼ਕਤੀ ਘੱਟ ਹੈ। ਮਾਹਿਰਾਂ ਦੀ ਮੰਨੀਏ ਤਾਂ ਨਸ਼ਾ ਮੁਕਤੀ ਕੇਂਦਰਾਂ ਅਤੇ ਕੇਂਦਰਾਂ ਵਿੱਚ ਜਾਣ ਵਾਲਿਆਂ ਦੇ ਅੰਕੜਿਆਂ ਦਾ ਹਮੇਸ਼ਾ ਹੇਰ ਫੇਰ ਹੋਇਆ। ਸਰਕਾਰੀ ਜਾਂ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਵਿੱਚ ਕਿੰਨੇ ਲੋਕ ਆਏ ਕਿੰਨਿਆਂ ਦਾ ਇਲਾਜ ਹੋਇਆ ਕਦੇ ਵੀ ਸਹੀ ਅੰਕੜੇ ਨਹੀਂ ਦੱਸੇ ਜਾਂਦੇ ਹਨ। ਕਿੰਨੇ ਬੰਦੇ ਆਏ ਅਤੇ ਕਿਹੜੇ ਉਮਰ ਵਰਗ ਦੇ ਲੋਕ ਨਸ਼ਾ ਮੁਕਤੀ ਕੇਂਦਰਾਂ ਵਿੱਚ ਆਏ, ਕਿਹੜੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ, ਕਿੰਨਿਆਂ ਨੂੰ ਨਸ਼ਿਆਂ ਤੋਂ ਮੁਕਤੀ ਮਿਲੀ, ਕਿੰਨੇ ਮੁੜ ਤੋਂ ਫਿਰ ਨਸ਼ੇ ਦੀ ਦਲਦਲ ਵਿਚ ਫਸੇ ਇਹ ਵੀ ਕਦੇ ਉਜਾਗਰ ਨਹੀਂ ਕੀਤਾ ਗਿਆ। ਕਿਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ, ਓਪੀਅਡ ਡਰੱਗਸ ਕਿਹੜੀ ਲਗਾਈ ਗਈ। ਕਿੱਥੋਂ ਮੰਗਵਾਈ ਗਈ, ਕਿੰਨੀ ਮਾਤਰਾ ਵਿਚ ਮੰਗਵਾਈ ਗਈ ਇਹ ਤੱਥ ਵੀ ਕਦੇ ਉਜਾਗਰ ਨਹੀਂ ਕੀਤੇ ਗਏ। ਇਹਨਾਂ ਦਾ ਰਿਕਾਰਡ ਮੰਗਿਆ ਜਾਣਾ ਜ਼ਰੂਰੀ ਵੀ ਹੈ। ਕੁੱਝ ਸ਼ਰਾਰਤੀ ਤੱਤ ਸਸਤਾ ਨਸ਼ਾ ਖਰੀਦ ਕੇ ਬਲੈਕ ਮਾਰਕੀਟਿੰਗ 'ਚ ਮਹਿੰਗਾ ਵੇਚਦੇ ਹਨ।



ਨਸ਼ਾ ਮੁਕਤੀ ਲਈ ਸਰਕਾਰ ਦਾ ਕੋਈ ਖਾਸ ਉਪਰਾਲਾ ਨਹੀਂ: ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਵੱਡੀ ਮੁਹਿੰਮ ਵਿੱਢਣ ਵਾਲੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਤਾਂ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਈ ਸਵਾਲ ਚੁੱਕੇ ਹਨ। ਨਸ਼ੇ ਖ਼ਿਲਾਫ਼ ਸਰਕਾਰ ਨੇ ਵੀ ਨੌਜਵਾਨਾਂ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ। ਨੌਜਵਾਨਾਂ ਲਈ ਕਿੰਨੇ ਕਲੱਬ ਬਣਾਏ, ਕਿੰਨੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ, ਸਕੂਲੀ ਸਿੱਖਿਆ ਵਿੱਚ ਕਿੰਨੀ ਜਾਗਰੂਕਤਾ ਪੈਦਾ ਕੀਤੀ ਇਸ ਬਾਰੇ ਕੁੱਝ ਵੀ ਵੱਖਰਾ ਕੀਤਾ ਨਹੀਂ ਮਿਲਦਾ। ਨਸ਼ਿਆਂ ਤੋਂ ਦੂਰ ਰੱਖਣ ਲਈ ਸ਼ੁਰੂ ਤੋਂ ਸਿੱਖਿਆ ਅਤੇ ਅਜਿਹਾ ਮਾਹੌਲ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਮਾਹੌਲ ਪੰਜਾਬੀਆਂ ਨੂੰ ਕਦੇ ਮਿਲਿਆ ਹੀ ਨਹੀਂ।





ਸਰਕਾਰ ਖੁਦ ਚਾਹੁੰਦੀਆਂ ਹਨ ਨਸ਼ਾ ਖ਼ਤਮ ਨਾ ਹੋਵੇ: ਈਟੀਵੀ ਭਾਰਤ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਆਖਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਰਕਾਰਾਂ ਖੁਦ ਚਾਹੁੰਦੀਆਂ ਹਨ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਾ ਹੋਵੇ। ਇਹ ਕਿਤੇ ਨਾ ਕਿਤੇ ਸਰਕਾਰਾਂ ਲਈ ਮੁਨਾਫ਼ੇ ਦਾ ਸੌਦਾ ਵੀ ਹੋ ਸਕਦਾ ਹੈ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਚੋਣਾਂ ਵਿਚ ਲੱਖਾਂ ਰੁਪਏ ਖ਼ਰਚੇ ਜਾਂਦੇ ਹਨ ਉਹ ਲੱਖਾਂ ਰੁਪਏ ਆਉਂਦੇ ਕਿੱਥੋਂ ਹਨ ? ਨਾ ਜ਼ਮੀਨਾਂ ਅਤੇ ਨਾ ਕੋਈ ਪ੍ਰਾਪਰਟੀ ਵੇਚ ਕੇ। ਵੋਟਾਂ ਵਿਚਲਾ ਪੈਸਾ ਕਾਲਾ ਧਨ ਨਸ਼ੇ ਦੇ ਕਾਰੋਬਾਰ ਤੋਂ ਆਇਆ ਹੋ ਸਕਦਾ ਹੈ। ਨਸ਼ੇ ਦੀ ਸਮੱਸਿਆ ਇਕੱਲੇ ਸਰਹੱਦੀ ਇਲਾਕਿਆਂ ਦੀ ਹੀ ਨਹੀਂ ਪੂਰੇ ਪੰਜਾਬ ਦੀ ਹੈ ਜਿਸ ਦੀ ਚਿੰਤਾ ਅਤੇ ਚਿੰਤਨ ਕਰਨਾ ਜ਼ਰੂਰੀ ਹੈ।



ਪੰਜਾਬ ਵਿੱਚ ਪਾਕਿਸਤਾਨ ਤੋਂ ਆ ਰਿਹਾ ਨਸ਼ਾ ? : ਪੰਜਾਬ ਵਿੱਚ ਨਸ਼ੇ ਦਾ ਦਾਇਰਾ ਦਿਨੋਂ ਦਿਨ ਵੱਧ ਰਿਹਾ ਹੈ ਜਿਸ ਦੇ ਵਿਚਾਲੇ ਇਹ ਚਰਚਾ ਅਕਸਰ ਰਹਿੰਦੀ ਹੈ ਕਿ ਨਸ਼ਾ ਪੰਜਾਬ ਵਿੱਚ ਪਾਕਿਸਤਾਨ ਤੋਂ ਆ ਰਿਹਾ ਹੈ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਨਸ਼ਾ ਪਾਕਿਸਤਾਨ ਤੋਂ ਆਉਂਦਾ ਰਿਹਾ ਅਤੇ ਹੁਣ ਆ ਵੀ ਰਿਹਾ। ਇਸ ਤੋਂ ਇਲਾਵਾ ਹੋਰ ਵੀ ਰਸਤੇ ਨਸ਼ਾ ਤਸਕਰੀ ਲਈ ਬਣਾ ਲਏ ਗਏ ਹਨ। ਕੁਝ ਬੰਦਰਗਾਹਾਂ ਰਾਹੀਂ ਭਾਰੀ ਮਾਤਰਾ ਵਿਚ ਨਸ਼ਾ ਪੰਜਾਬ 'ਚ ਆ ਰਿਹਾ ਹੈ। ਨਸ਼ਾ ਤਸਕਰੀ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਮਾਹਿਰ ਕਹਿੰਦੇ ਹਨ ਕਿ ਨਸ਼ਾ ਰੋਕਣ ਦੀ ਜ਼ਿੰਮੇਦਾਰੀ ਸਭ ਤੋਂ ਪਹਿਲਾਂ ਸਰਕਾਰ ਦੀ ਹੈ ਜੇਕਰ ਸਰਕਾਰ ਇਸ ਵਿੱਚ ਸਫ਼ਲ ਨਹੀਂ ਹੋ ਰਹੀ ਤਾਂ ਲੋਕਾਂ ਨੂੰ ਖੁਦ ਲਾਮਬੰਦ ਹੋਣਾ ਪੈਣਾ ਅਤੇ ਨਸ਼ੇ ਖ਼ਿਲਾਫ਼ ਵੱਡੀ ਮੁਹਿੰਮ ਛੇੜਨੀ ਪੈਣੀ ਹੈ ਤਾਂ ਜੋ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕੀਤਾ ਜਾ ਸਕੇ। ਲੋਕਾਂ ਦਾ ਜਾਗਰੂਕ ਹੋਣਾ ਅਤੇ ਇਕਮੁੱਠ ਹੋਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: Navjot Singh Sidhu Release: ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਟੁੱਟਿਆ ਸਸਪੈਂਸ, ਕੱਲ੍ਹ ਆਉਣਗੇ ਜੇਲ੍ਹੋਂ ਬਾਹਰ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.