ਨਵੀਂ ਦਿੱਲੀ: ਕਾਂਗਰਸ ਦੇ ਹਲਕਾ ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਦਾ ਵਿਆਹ ਰਾਏ ਬਰੇਲੀ ਤੋਂ ਕਾਂਗਰਸ ਦੀ ਵਿਧਾਇਕ ਅਦਿਤੀ ਸਿੰਘ ਨਾਲ ਹੋਣਾ ਤੈਅ ਹੋਇਆ ਹੈ। ਵਿਆਹ 21 ਨਵੰਬਰ ਨੂੰ ਨਵੀਂ ਦਿੱਲੀ ਵਿਚ ਹੋਵੇਗਾ ਜਦਕਿ ਪਰਿਵਾਰ ਨੇ ਇਸਦੀ ਰਿਸੈਪਸ਼ਨ 23 ਨਵੰਬਰ ਨੂੰ ਨਵਾਂਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਰੱਖੀ ਹੈ।
28 ਸਾਲਾ ਅੰਗਦ ਸੈਣੀ ਪਹਿਲੀ ਵਾਰ ਨਵਾਂਸ਼ਹਿਰ ਤੋਂ ਵਿਧਾਇਕ ਬਣੇ ਹਨ ਜਦਕਿ 32 ਸਾਲਾ ਅਦੀਤੀ ਵੀ ਪਹਿਲੀ ਵਾਰ ਹੀ ਵਿਧਾਇਕ ਬਣੇ ਹਨ। ਦੋਹਾਂ ਪਰਿਵਾਰਾਂ ਦਾ ਸਿਆਸਤ ਵਿਚ ਚੰਗਾ ਰੁਤਬਾ ਹੈ। ਅੰਗਦ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਗੁਰਇਕਬਾਲ ਕੌਰ ਵਿਧਾਇਕ ਸਨ।
ਅਦਿਤੀ ਸਿੰਘ ਯੂ. ਪੀ. ਵਿਚ ਸਭ ਤੋਂ ਘੱਟ ਉਮਰ ਦੀ ਵਿਧਾਇਕਾ ਹੈ। ਉਨ੍ਹਾਂ ਨੇ 90 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਅਦਿਤੀ ਸਿੰਘ ਦੇ ਲਈ ਸਾਲ 2019 ਉਤਰਾਅ ਚੜਾਅ ਨਾਲ ਭਰਿਆ ਰਿਹਾ ਹੈ, ਇਸ ਵਿੱਚ ਅਦਿਤੀ ਸਿੰਘ ਉਪਰ ਜਾਨਲੇਵਾ ਹਮਲਾ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਉਥੇ ਹੀ 20 ਅਗਸਤ ਨੂੰ ਅਦਿਤੀ ਦੇ ਪਿਤਾ ਰਾਏਬਰੇਲੀ ਤੋਂ ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਦਾ ਦਿਹਾਂਤ ਹੋ ਗਿਆ ਸੀ।
ਕੁਝ ਸਮਾ ਪਹਿਲਾ ਅਦਿਤੀ ਦਾ ਬੀਜੀਪੀ ਦੇ ਵੱਲ ਝੁਕਾਅ ਦੇਖਣ ਨੂੰ ਵੀ ਮਿਲਿਆ ਸੀ। ਅਦਿਤੀ ਨੇ ਜੰਮੂ-ਕਸ਼ਮੀਰ ਧਾਰਾ 370 ਹਟਾਉਣ 'ਤੇ ਮੋਦੀ ਸਰਕਾਰ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਸੀ।
ਇਹ ਵੀ ਪੜੋ: ਦਲਿਤ ਨੌਜਵਾਨ ਦੀ ਮੌਤ ਤੋਂ ਬਾਅਦ ਲੋਕਾਂ 'ਚ ਰੋਸ, ਸੁਨਾਮ ਲਹਿਰਾ ਰੋਡ ਕੀਤਾ ਜਾਮ
ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਵਿੱਚ ਜਿੱਥੇ ਕਾਂਗਰਸ ਹਾਈਕਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਮੰਤਰੀ ਸ਼ਾਮਿਲ ਹੋਣ ਸੰਭਾਵਨਾ ਹੈ ਉਥੇ ਹੀ ਉਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਆਨਾਥ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਦਾ ਸੱਦਾ-ਪੱਤਰ ਦਿੱਤੇ ਜਾਣ ਦੀਆਂ ਵੀ ਖਬਰਾਂ ਹਨ।