ਚੰਡੀਗੜ੍ਹ: ਕਰਤਾਰਪੁਰ ਸਾਹਿਬ ਬਾਰੇ ਦਿੱਤੇ ਬਿਆਨ ਤੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਅੱਤਵਾਦੀ ਗਤੀਵਧੀਆਂ ਵਿੱਚ ਹੱਥ ਹੋਣ ਬਾਰੇ ਲਗੇ ਦੋਸ਼ਾਂ ਨੂੰ ਲੈ ਕੇ ਆਪ ਵੱਲੋਂ ਵਿਧਾਨ ਸਭਾ ਵਿੱਚ ਇਜਲਾਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਸਦਨ 'ਚੋਂ ਵਾਕਆਊਟ ਕੀਤਾ ਗਿਆ।
ਇਸ ਦੀ ਅਗਵਾਈ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੀਤੀ। ਇਸ ਮੁੱਦੇ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕਾਫ਼ੀ ਬਹਿਸ ਹੋਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਡੀਜੀਪੀ ਦਿਨਕਰ ਗੁਪਤਾ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 'ਕਲੀਨ ਚਿੱਟ' ਦੇ ਦਿੱਤੀ ਗਈ ਹੈ, ਜਿਸ ਤੋਂ ਵਿਵਾਦ ਹੋਰ ਵੱਧਦਾ ਨਜ਼ਰ ਆ ਰਿਹਾ ਹੈ।
ਆਸ਼ੂ ਦਾ ਹੈ ਕਈ ਮਾਮਲਿਆ ਵਿੱਚ ਹੱਥ, ਸਰਕਾਰ ਕਰਾਵੇ ਮੁੜ ਤੋਂ ਜਾਂਚ: ਹਰਪਾਲ ਚੀਮਾ
ਵਾਕਆਊਟ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਜਿਹੜੇ ਕੇਸਾਂ ਦਾ ਟਰਾਇਲ ਹੀ ਨਹੀਂ ਹੋਇਆ, ਉਹ ਕਿਹੜੇ ਖ਼ਾਤੇ 'ਚ ਬੋਲਦੇ ਹਨ। ਇਨ੍ਹਾਂ 'ਚ ਗੁੜ ਮੰਡੀ ਲੁਧਿਆਣਾ 'ਚ ਹੋਏ ਬੰਬ ਧਮਾਕੇ, 3 ਔਰਤਾਂ ਦਾ ਕਤਲ, ਆਸ਼ੂ ਵੱਲੋਂ ਅੱਤਵਾਦੀਆਂ ਨਾਲ ਮਿਲ ਕੇ ਆਪਣੇ ਤਾਏ ਦੀ ਹੱਤਿਆ ਦੀ ਸਾਜ਼ਿਸ਼ ਅਤੇ ਇੱਕ ਹੌਲਦਾਰ ਦੀ ਹੱਤਿਆ ਦੇ ਕੇਸ ਸ਼ਾਮਲ ਹਨ। ਚੀਮਾ ਨੇ ਕਿਹਾ ਕਿ ਜੇਕਰ ਵਿਅਕਤੀ ਜਿਊਂਦਾ ਹੋਏ ਤਾਂ ਉਸ ਵਿਰੁੱਧ 50 ਸਾਲਾਂ ਬਾਅਦ ਵੀ ਕੇਸ ਦਾ ਮੁੜ ਟਰਾਇਲ ਖੁੱਲ੍ਹ ਸਕਦਾ ਹੈ, ਜਿਸ ਲਈ ਆਸ਼ੂ ਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਕੇਸ ਮੁੜ ਖੋਲ੍ਹੇ ਜਾਣ।
ਡੀਜੀਪੀ ਕਰਦੇ ਨੇ ਸਾਜ਼ਿਸ਼ ਭਰੀਆਂ ਟਿੱਪਣੀਆਂ, ਸਰਕਾਰ ਕਰੇ ਆਹੁਦੇ ਮੁਅਤਲ: ਹਰਪਾਲ ਚੀਮਾ
ਹਰਪਾਲ ਸਿੰਘ ਚੀਮਾ ਨੇ ਡੀਜੀਪੀ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੋ ਡੀਜੀਪੀ ਜਗਤ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਬਾਰੇ ਸਾਜ਼ਿਸ਼ ਭਰੀਆਂ ਟਿੱਪਣੀਆਂ ਕਰ ਰਹੇ ਹਨ, ਉਸ ਡੀਜੀਪੀ ਦੀਆਂ ਪਾਕਿਸਤਾਨੀ ਮਹਿਲਾ ਅਰੂਸਾ ਆਲਮ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਫ਼ੋਟੋਆਂ ਦਾ ਕੀ ਰਾਜ ਹੈ, ਕਿਉਂਕਿ ਇੰਜ ਲੱਗਦਾ ਹੈ, ਜਿਵੇਂ ਸਰਕਾਰ ਹੀ ਅਰੂਸਾ ਆਲਮ ਚਲਾ ਰਹੀ ਹੋਵੇ। ਚੀਮਾ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਵਾਲੇ ਦੱਸਣ ਕਿ ਅਰੂਸਾ ਆਲਮ ਪੰਜਾਬ 'ਚ ਕਿਸ ਆਧਾਰ 'ਤੇ ਰਹਿ ਰਹੇ ਹਨ?
ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਮੁੱਖ ਮੰਤਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਦੱਸਣ ਕਿ ਅਰੂਸਾ ਆਲਮ ਦੀ ਪੰਜਾਬ ਨੂੰ ਕੀ ਦੇਣ ਹੈ। ਉਹ ਉਨ੍ਹਾਂ ਦੀ ਕੋਠੀ ਵਿੱਚ ਕਿਉਂ ਰਹਿ ਰਹੀ ਹੈ, ਜਦਕਿ ਏਜੰਸੀਆਂ ਨੂੰ ਵੀ ਪਤਾ ਹੈ, ਕਿ ਉਹ ਆਈਐੱਸਆਈ ਦੇ ਕਾਰਕੁੰਨ ਹੈ, ਤਾਂ ਕਿਵੇਂ ਉਸ ਨੂੰ ਪੰਜਾਬ ਦੀ ਸਿਆਸਤ ਵਿੱਚ ਰਹਿਣ ਦੀ ਇਜਾਜ਼ਤ ਕਿਉਂ ਮਿਲੀ ਹੋਈ ਹੈ, ਅਰੂਸਾ ਆਲਮ ਇੱਕ ਅੱਤਵਾਦੀ ਹੈ। ਅੱਜ ਤੱਕ ਆਰਟੀਆਈ ਰਾਹੀਂ ਅਰੂਸਾ ਆਲਮ ਪੰਜਾਬ ਵਿੱਚ ਕਿਹੜੇ ਮਕਸਦ ਨਾਲ ਰਹਿ ਰਹੀ ਹੈ, ਜਿਸ ਦੀ ਜਾਣਕਾਰੀ ਸਰਕਾਰ ਵੱਲੋਂ ਕਦੀ ਨਹੀਂ ਦਿੱਤੀ ਗਈ।