ਚੰਡੀਗੜ੍ਹ ਡੈਸਕ: ਜਦੋਂ ਵੀ ਗੱਲ ਅਣਖ ਅਤੇ ਆਜ਼ਾਦੀ ਨਾਲ ਜੀਉਣ ਦੀ ਹੋਵੇ ਤਾਂ ਪੰਜਾਬੀਆਂ ਦਾ ਨਾਮ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਅਜਿਹਾ ਹੀ ਕਾਰਨਾਮਾ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੇ ਵੀ ਹਿੱਸੀ ਆਇਆ। ਸ਼ਹੀਦ ਕਰਨੈਲ ਸਿੰਘ ਖੰਨਾ ਦੇ ਪਿੰਡ ਈਸੜੂ ਦੇ ਵਸਨੀਕ ਸਨ ਅਤੇ ਆਜ਼ਾਦੀ ਦਿਹਾੜੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨੂੰ ਸਨਮਾਨ ਦਿੱਤਾ ਹੈ।
ਜਨਮ ਅਤੇ ਪੜ੍ਹਾਈ: ਮਹਾਨ ਸ਼ਹਾਦਤ ਦੇਣ ਵਾਲੇ ਕਰਨੈਲ ਸਿੰਘ ਦਾ ਜਨਮ ਦੋਫਾੜ ਹੋਏ ਭਾਰਤ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਈਸੜੂ ਵਿੱਚ 9 ਸਤੰਬਰ 1930 ਨੂੰ ਹੋਇਆ। ਜੋ ਹੁਣ ਪਾਕਿਸਤਾਨ ਵਿੱਚ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸੁੰਦਰ ਸਿੰਘ ਅਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ। ਕਰਨੈਲ ਸਿੰਘ ਦੀਆਂ ਚਾਰ ਭੈਣਾਂ ਅਤੇ ਤਿੰਨ ਭਰਾ ਸਨ। ਬਰਤਾਨਵੀ ਸਰਕਾਰ ਵੱਲੋਂ ਲਾਇਲਪੁਰ ਦੇ ਇਲਾਕਿਆਂ ਨੂੰ ਆਬਾਦ ਕਰਨ ਲਈ ਪੰਜਾਬੀਆਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਇਸ ਸਿਸਟਮ ਤਹਿਤ ਕਰਨੈਲ ਸਿਘ ਈਸੜੂ ਦੀ ਵਿਧਵਾ ਦਾਦੀ ਨੂੰ ਇੱਕ ਮੁਰੱਬਾ ਜ਼ਮੀਨ ਮਿਲੀ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਸੀ। 15 ਅਗਸਤ 1947 ਨੂੰ ਕਰਨੈਲ ਸਿੰਘ ਦਾ ਪਰਿਵਾਰ ਲੁਧਿਆਣਾ ਵਿੱਚ ਆਪਣੇ ਪੁਸ਼ਤੈਨੀ ਪਿੰਡ ਈਸੜੂ ਆ ਕੇ ਵਸ ਗਿਆ ਸੀ। ਇੱਥੇ ਹੀ ਕਰਨੈਲ ਸਿੰਘ ਦਾ ਵਿਆਹ ਵੀ ਚਰਨਜੀਤ ਕੌਰ ਨਾਲ 1955 ਵਿੱਚ ਹੋਇਆ।
ਗੋਆ ਦੀ ਆਜ਼ਾਦੀ ਲਈ ਕੁਰਬਾਨੀ: ਦੱਸ ਦਈਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੀ ਫੌਜ ਨੇ 1954 ਵਿੱਚ ਗੋਆ ਦੀ ਆਜ਼ਾਦੀ ਲਈ ਸੰਘਰਸ਼ ਵਿੱਢਿਆ। ਇਸ ਮਿਸ਼ਨ ਤਹਿਤ ਬਣੀ 'ਗੋਆ ਵਿਮੋਚਨ ਸਹਾਇਕ ਸਮਿਤੀ' ਵੱਲੋਂ ਗੋਆ ਨੂੰ ਅਜ਼ਾਦ ਕਰਵਾਉਣ ਲਈ 1955 ਵਿੱਚ ਭਾਰਤ ਪੱਧਰ ਉੱਤੇ ਸੱਤਿਆਗ੍ਰਹਿ ਅੰਦੋਲਨ ਲਈ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਉੱਤੇ ਕਰਨੈਲ ਸਿੰਘ ਪੁਣੇ ਪਹੁੰਚ ਗਏ ਸਨ। ਇੱਥੋਂ 15 ਅਗਸਤ 1955 ਨੂੰ ਸਾਰੇ ਭਾਰਤ ਤੋਂ ਇਕੱਠੇ ਹੋਏ ਸੱਤਿਆਗ੍ਰਹੀ ਆਗੂਆਂ ਦੀ 12 ਮੈਂਬਰੀ ਟੀਮ ਨੇ ਮੰਦਿਰ ਵਿੱਚ ਇਸ਼ਨਾਨ ਕੀਤਾ ਅਤੇ ਅੱਗੇ ਵਧੇ।
ਪੀਤਾ ਸ਼ਹਾਦਤ ਦਾ ਜਾਮ: ਮੈਂਬਰਾਂ ਨੇ ਗੋਆ ਦੀ ਸਰਹੱਦ ਦੇ ਇੱਕ ਪਿੰਡ ਪਿਤਰਾਦੇਵੀ ਵੱਲ ਚੱਲਣਾ ਸ਼ੁਰੂ ਕੀਤਾ। ਉਸ ਸਮੇਂ ਇੱਕ ਹਜ਼ਾਰ ਲੋਕਾਂ ਦਾ ਹਜੂਮ ਸੀ। ਇਨ੍ਹਾਂ ਵਿੱਚ ਅਮਰੀਕੀ, ਫਰਾਂਸੀਸੀ ਤੇ ਬਰਤਾਨੀਆ ਦੇ ਪੱਤਰਕਾਰ ਵੀ ਸ਼ਾਮਲ ਸਨ। ਇਤਿਹਾਸਕਾਰਾਂ ਮੁਤਾਬਿਕ ਨਿਹੱਥੇ ਸੱਤਿਆਗ੍ਰਹੀ ਜਦੋਂ ਅੱਗੇ ਵੱਧ ਰਹੇ ਸਨ ਤਾਂ ਪੁਰਤਗਾਲੀ ਫੌਜਾਂ ਨੇ ਬਿਨਾਂ ਚਿਤਾਵਨੀ ਦਿੰਦਿਆਂ ਵੱਖ-ਵੱਖ ਪਾਸਿਆਂ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸੱਤਿਆਗ੍ਰਹੀ ਗੋਆ ਦੀ ਹੱਦ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਦੇ ਨੇਤਾ ਚਿਤਲੇ ਅਤੇ ਮਧੂਕਰ ਚੌਧਰੀ ਨੂੰ ਬਚਾਉਂਦੇ ਹੋਏ ਕਰਨੈਲ ਸਿੰਘ ਅੱਗੇ ਆਏਤਾਂ ਉਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ।
- ਬਰਨਾਲਾ ਦੇ ਪਿੰਡ ਸੇਖਾ ਵਿੱਚ ਦੋਹਰਾ ਕਤਲ: ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਵੱਢਿਆ ਪਰਿਵਾਰ, ਮਾਂ-ਧੀ ਦੀ ਮੌਤ, ਜਵਾਈ ਗੰਭੀਰ ਜ਼ਖਮੀ
- ਕੋਹਲੀ ਦੀ ਹਰ ਪੋਸਟ ਉੱਤੇ ਹੁੰਦੀ ਹੈ ਚਰਚਾ, ਕਰੋੜਾਂ ਰੁਪਏ ਦੀ ਕਮਾਈ ਦਾ ਕਾਰਣ ਹਨ ਪ੍ਰਸ਼ੰਸਕ
- ਚਾਈਨਾ ਡੋਰ ਦੀ ਲਪੇਟ 'ਚ ਆਏ ਸ਼ਖ਼ਸ ਦਾ ਕਟਿਆ ਗਲਾ, ਲੱਗੇ 60 ਟਾਂਕੇ; ਮੁਸ਼ਕਿਲ ਨਾਲ ਬਚੀ ਜਾਨ
ਸ਼ਹਾਦਤ ਮਗਰੋਂ ਆਜ਼ਾਦ ਹੋਇਆ ਗੋਆ: ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਤੋਂ 6 ਸਾਲ ਬਾਅਦ 1961 ਵਿੱਚ ਗੋਆ ਨੂੰ ਆਜ਼ਾਦ ਕਰਵਾਇਆ ਗਿਆ ਸੀ। ਉਨ੍ਹਾਂ ਦੀ ਯਾਦ ਵਿੱਚ ਗੋਆ ਦੇ ਪਿੰਡ ਪਿਤਰਾਦੇਵੀ ਦੇ ਸਕੂਲ ਵਿੱਚ ਸਾਲ 2015 ਵਿੱਚ ਬੁੱਤ ਲਗਾਇਆ ਗਿਆ ਸੀ। ਇਸੇ ਤਰ੍ਹਾਂ ਪਿੰਡ ਈਸੜੂ ਦੇ ਸਕੂਲ ਦਾ ਨਾਂ ਵੀ ਕਰਨੈਲ ਸਿੰਘ ਦੇ ਨਾਂ ਉੱਤੇ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਆਜ਼ਾਦੀ ਦਿਹਾੜੇ ਉੱਤੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੀਐੱਮ ਮਾਨ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਕੋਈ ਵੀ ਸੂਬੇ ਦਾ ਮੁੱਖ ਮੰਤਰੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਨਹੀਂ ਪਹੁੰਚਿਆ ਜੋ ਕਿ ਮੰਦਭਾਗੀ ਗੱਲ ਹੈ।