ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਗਈ ਕਾਰਵਾਈ ਨੂੰ ਇੱਕ ਮਹੀਨੇ ਦਾ ਸਮਾਂ ਪੂਰਾ ਹੋ ਚੁਕਿਆ ਹੈ, ਪਰ ਅਜੇ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗਿਰਫ ਤੋਂ ਬਾਹਰ ਹੈ। ਉਥੇ ਹੀ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੀ ਪਤਨੀ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਇੰਗਲੈਂਡ ਜਾਣ ਦੇ ਲਈ ਜਦੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਤਾਂ ਉਸ ਨੂੰ ਰੋਕ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣੋ ਅੰਮ੍ਰਿਤਪਾਲ ਤੇ ਕਿਰਨਦੀਪ ਕੌਰ ਦੀ ਕਿਵੇਂ ਹੋਈ ਸੀ ਮੁਲਾਕਾਤ...
ਇਹ ਵੀ ਪੜ੍ਹੋ : Interrogation of Amritpal's wife: ਲੰਡਨ ਰਵਾਨਾ ਹੋ ਰਹੀ ਅੰਮ੍ਰਿਤਪਾਲ ਦੀ ਪਤਨੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ !
ਸੋਸ਼ਲ ਮੀਡੀਆ ਤੋਂ ਪ੍ਰਵਾਨ ਚੜ੍ਹਿਆ ਪਿਆਰ: ਕਿਰਨਦੀਪ ਅਤੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਇਸ ਲਈ ਦਿਲਚਸਪ ਹੈ, ਕਿਉਂਕਿ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਜ਼ਰੀਏ ਹੋਈ ਸੀ। ਸੋਸ਼ਲ ਮੀਡੀਆ ਜ਼ਰੀਏ ਜਦ ਦੋਵਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜਦੋਂ ਵਿਚਾਰ ਮੇਲ ਖਾ ਗਏ ਤਾਂ ਸੋਸ਼ਲ ਮੀਡੀਆ ਉਤੇ ਬਣੀ ਦੋਸਤੀ ਪਿਆਰ 'ਚ ਬਦਲ ਗਈ। ਸੂਤਰਾਂ ਮੁਤਾਬਿਕ ਕਿਰਨਦੀਪ ਕੌਰ ਵਿਆਹ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਦੁਬਈ ਵੀ ਜਾਂਦੀ ਸੀ। ਜਿਥੇ ਇਹਨਾਂ ਦਾ ਰਿਸ਼ਤਾ ਹੋਰ ਵੀ ਗਹਿਰਾ ਹੋ ਗਇਆ। ਅਖੀਰ ਦੋਹਾਂ ਨੇ ਵਿਆਹ ਕਰਵਾ ਲਿਆ।
ਪੁੱਛਗਿੱਛ 'ਚ ਖੁਦ ਕੀਤਾ ਸੀ ਮੁਲਾਕਾਤ ਦਾ ਖੁਲਾਸਾ: ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੇ ਮਾਮਲੇ ਤੋਂ ਬਾਅਦ ਜਦ ਪੁਲਿਸ ਨੇ ਘਰ ਜਾ ਕੇ ਕਿਰਨਦੀਪ ਕੌਰ ਤੋਂ ਜਦ ਪੁੱਛਗਿੱਛ ਕੀਤੀ ਤਾਂਂ ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਨੂੰ ਸੋਸ਼ਲ ਮੀਡੀਆ 'ਤੇ ਮਿਲੀ ਸੀ। ਦੋਵਾਂ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਇਸ ਤੋਂ ਇਲਾਵਾ ਪੁਲਿਸ ਨੇ ਕਿਰਨਦੀਪ ਕੌਰ ਦੀ ਸੱਸ ਯਾਨੀ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੋਂ ਵੀ ਪੁੱਛਗਿੱਛ ਕੀਤੀ ਅਤੇ ਪੁੱਛਿਆ ਕਿ ਉਸ ਦੀ ਨੂੰਹ ਕੀ ਕਰਦੀ ਹੈ, ਜਿਸ ’ਤੇ ਉਸ ਨੇ ਦੱਸਿਆ ਕਿ ਉਸ ਦੀ ਨੂੰਹ ਘਰੋਂ ਆਨਲਾਈਨ ਕੰਮ ਕਰਦੀ ਹੈ। ਪੁਲਿਸ ਅਤੇ ਐਨਆਈਏ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸੇ ਕੜੀ ਵਿਚ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੀ ਅਤੇ ਖਾਲਿਸਤਾਨੀ ਵਿਚਾਰਧਾਰਾ ਵਾਲੀ ਲੜਕੀ ਕਿਰਨਦੀਪ ਕੌਰ ਨਾਲ ਲਵ ਮੈਰਿਜ ਕੀਤੀ ਹੈ।
ਗੁਪਤ ਰੱਖਿਆ ਵਿਆਹ ਸਮਾਗਮ: ਅੰਮ੍ਰਿਤਪਾਲ ਸਿੰਘ ਦਾ ਵਿਆਹ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਹੋਇਆ ਸੀ। ਇਸ ਮੌਕੇ ਇਕ ਵਾਰ ਪਹਿਲਾਂ ਵਿਆਹ ਵਾਲੀ ਜਗ੍ਹਾ ਕੋਈ ਹੋਰ ਸੀ ਪਰ ਜਦੋਂ ਮੀਡੀਆ ਵਿਚ ਚਰਚਾ ਬਣੀ ਤਾਂ ਇਸ ਜਗ੍ਹਾ ਨੂੰ ਬਦਲਣਾ ਪਿਆ ਅਤੇ ਪਿੰਡ ਦੇ ਗੁਰੂ ਘਰ ਵਿਚ ਹੀ ਵਿਆਹ ਸਮਾਗਮ ਕੀਤਾ ਗਿਆ। ਇਹ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਹੋਇਆ ਸੀ। ਇਸ ਵਿਆਹ ਦੀਆਂ ਬਹੁਤ ਸਾਰੀਆਂ ਤਸ`ਵੀਰਾਂ ਵੀ ਨਹੀਂ ਹਨ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਪਰਿਵਾਰ ਅਤੇ ਪਤਨੀ ਨੂੰ ਸੋਸ਼ਲ ਮੀਡੀਆ 'ਤੇ ਨਸ਼ਰ ਕੀਤਾ ਜਾਵੇ। ਇਸ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਨਿੱਜੀ ਰੱਖਣਾ ਪਸੰਦ ਕਰਦੇ ਹਨ। ਵਿਆਹ ਤੋਂ ਬਾਅਦ ਕਿਹਾ ਸੀ ਕਿ ਉਸ ਦੀ ਪਤਨੀ ਉਸ ਦੇ ਨਾਲ ਪੰਜਾਬ ਵਿੱਚ ਹੀ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਦਾ ਪਰਿਵਾਰ ਜਲੰਧਰ ਦਾ ਰਹਿਣ ਵਾਲਾ ਹੈ। ਪਰ ਕੁਝ ਸਾਲ ਪਹਿਲਾਂ ਕਿਰਨਦੀਪ ਵਿਦੇਸ਼ ਜਾ ਕੇ ਵੱਸ ਗਈ ਅਤੇ ਉਸ ਕੋਲ ਹੁਣ ਪੀਆਰ ਵੀ ਹੈ।
ਕੌਣ ਹੈ ਕਿਰਨਦੀਪ ਕੌਰ?: ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਅਤੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਫਰਵਰੀ ਮਹੀਨੇ ਹੋਇਆ ਸੀ। ਕਿਰਨਦੀਪ ਕੌਰ ਯੂਕੇ ਦੀ ਪੱਕੀ ਰਹਿਣ ਵਾਲੀ ਹੈ। ਕਿਰਨਦੀਪ ਕੌਰ ਜਲੰਧਰ ਦੇ ਪਿੰਡ ਕੁਲਾਰ ਦੀ ਰਹਿਣ ਵਾਲੀ ਹੈ ਅਤੇ ਹੁਣ ਉਹ ਵਿਦੇਸ਼ ਤੋਂ ਪੰਜਾਬ ਆਈ ਹੈ। ਫਿਲਹਾਲ ਲੜਕੀ ਦਾ ਪਿਤਾ ਪਿਆਰਾ ਸਿੰਘ ਤੇ ਪਰਿਵਾਰ ਇੰਗਲੈਂਡ 'ਚ ਸੈਟਲ ਹੈ। ਕਿਰਨਦੀਪ ਕੌਰ ਵਿਆਹ ਲਈ ਇੰਗਲੈਂਡ ਤੋਂ ਪੰਜਾਬ ਆਈ ਹੈ। ਪੰਜਾਬ ਆਕੇ ਵਿਆਹ ਤੋਂ ਬਾਅਦ ਕਿਰਨਦੀਪ ਕੌਰ ਪੰਜਾਬ ਵਿੱਚ ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਰਹਿਣ ਲੱਗੀ।
ਪਤਨੀ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਬੇਕਸੂਰ: ਜ਼ਿਕਰਯੋਗ ਹੈ ਕਿ ਇਕ ਪਾਸੇ ਤਾਂ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨ ਦੇ ਲਈ ਮੁਹਿੰਮ ਚਲਾਈ ਹੋਈ ਹੈ ਜਗ੍ਹਾ ਜਗ੍ਹਾ ਉਤੇ ਇਸ਼ਤਿਹਾਰ ਲਾਏ ਗਏ ਹਨ। ਉਥੇ ਹੀ ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਕਿਰਨਦੀਪ ਕੌਰ ਵੱਲੋਂ ਮੈਗਜ਼ੀਨ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਅੰਮ੍ਰਿਤਪਾਲ ਨੂੰ ਨਹੀਂ ਛੱਡਾਂਗੀ। ਅੰਮ੍ਰਿਤਪਾਲ ਸਿਰਫ ਧਰਮ ਦਾ ਪ੍ਰਚਾਰ ਕਰ ਰਿਹਾ ਸੀ। ਉਸਨੇ ਕੁਝ ਗਲਤ ਨਹੀਂ ਕੀਤਾ, ਉਹ ਬੇਕਸੂਰ ਹੈ। ਅੰਮ੍ਰਿਤਪਾਲ ਨੇ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਸ ਨੂੰ ਝੂਠੇ ਦੋਸ਼ਾਂ 'ਚ ਫਸਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੀ ਸੰਸਥਾ ਵਾਰਿਸ ਪੰਜਾਬ ਦੇ ਨਾਲ ਜੁੜੇ 150 ਤੋਂ ਵੱਧ ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਸੀ ਜਿੰਨਾ ਵਿਚ ਕਈਆਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਵੀ ਕਰ ਦਿੱਤਾ ਗਇਆ ਹੈ।