ਚੰਡੀਗੜ੍ਹ: ਪਾਣੀ ਦੀ ਸਮੱਸਿਆ ਦੇ ਹੱਲ ਲਈ ਨਾ ਸਿਰਫ਼ ਪੰਜਾਬ ਸਰਕਾਰ ਸਗੋਂ ਕੇਂਦਰ ਸਰਕਾਰ ਵੀ ਚਿੰਤਤ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਹੁਣ ਪੰਜਾਬ ਦੀਆਂ ਕਈ ਕਿਸਾਨ ਜੱਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ।
ਹਾਲ ਹੀ ਵਿੱਚ ਚੰਡੀਗੜ੍ਹ ਕਿਸਾਨ ਭਵਨ ਵਿੱਚ ਕਿਸਾਨ ਯੂਨੀਅਨਾਂ ਦੀ ਬੈਠਕ ਹੋਈ ਜਿਸ ਵਿੱਚ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਤਕਰੀਬਨ 2 ਘੰਟੇ ਚਰਚਾ ਹੋਈ। ਇਸ ਚਰਚਾ ਵਿੱਚ ਕਿਸਾਨ ਯੂਨੀਅਨ ਵੱਲੋਂ ਕਈ ਵੱਡੇ ਮੁੱਦਿਆਂ 'ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਕੁਝ ਖ਼ਾਸ ਮੁੱਦੇ ਧਰਤੀ ਹੇਠਲੇ ਪਾਣੀ ਦੇ ਘੱਟ ਹੋਣ ਦਾ, ਰੁੱਖ ਲਗਾਉਣ ਅਤੇ ਐਸਵਾਈਐਲ ਸ਼ਾਮਲ ਸਨ। ਨਾਲ ਹੀ ਇਹ ਫ਼ੈਸਲਾ ਵੀ ਲਿਆ ਗਿਆ ਕਿ ਪੂਰੇ ਪੰਜਾਬ ਦੇ ਕਿਸਾਨਾਂ ਦੁਆਰਾ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਜੱਜ ਨੂੰ ਚਿੱਠੀ ਲਿਖੀ ਜਾਵੇਗੀ ਜਿਸ ਵਿੱਚ ਉਹ ਪਾਣੀ ਦੀ ਸਮੱਸਿਆ ਤੇ ਕਿਸਾਨੀ ਨਾਲ ਜੁੜੇ ਮੁੱਦਿਆਂ ਵੱਲ ਖ਼ਾਸ ਧਿਆਨ ਦੇਣ। ਉਥੇ ਹੀ ਇਹ ਫ਼ੈਸਲਾ ਵੀ ਲਿਆ ਗਿਆ ਕਿ ਪੰਜਾਬ ਸੂਬੇ ਭਰ ਵਿੱਚ ਪਾਣੀ ਬਚਾਓ ਰੁੱਖ ਲਗਾਓ ਅਭਿਆਨ ਚਲਾਇਆ ਜਾਵੇਗਾ।