ਚੰਡੀਗੜ੍ਹ: ਖਾਲਿਸਤਾਨੀ ਇਸ ਸਮੇਂ ਕੈਨੇਡਾ ਦੀ ਧਰਤੀ ਉੱਤੇ ਬਗੈਰ ਕਿਸੇ ਡਰ ਤੋਂ ਪਨਾਹ ਲੈਕੇ ਸ਼ਰੇਆਮ ਭਾਰਤ ਵਿਰੁੱਧ ਜ਼ਹਿਰ ਉਗਲਣ ਦਾ ਕੰਮ ਕਰਦੇ ਹਨ। ਦੱਸ ਦਈਏ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਭਾਵੇਂ ਖਾਲਿਸਤਾਨੀਆਂ ਨੂੰ ਸ਼ਹਿ ਦੇਕੇ ਭਾਰਤ ਨਾਲ ਰਿਸ਼ਤੇ ਖਰਾਬ ਕਰ ਰਹੇ ਨੇ ਪਰ ਇਹੀ ਖਾਲਿਸਤਾਨੀ ਕੈਨੇਡਾ ਲਈ ਵੀ ਵੱਡਾ ਖਤਰਾ ਭਵਿੱਖ ਵਿੱਚ ਬਣ ਸਕਦੇ ਨੇ ਕਿਉਂਕਿ ਇਤਿਹਾਸ ਇਸ ਖਤਰੇ ਦੀ ਇੱਕ ਝਲਕ 38 ਸਾਲ ਪਹਿਲਾਂ ਵਾਪਰੇ ਇੱਕ ਜਹਾਜ਼ ਬੰਬ ਧਮਾਕੇ ਵਿੱਚ ਵੇਖ ਚੁੱਕਾ ਹੈ। ਇਸ ਧਮਾਕੇ ਵਿੱਚ 268 ਕੈਨੇਡੀਅਨ ਲੋਕਾਂ ਦੀ ਜਾਨ ਗਈ ਸੀ।
38 ਸਾਲ ਪਹਿਲਾਂ ਖਾਲਿਤਾਨੀਆਂ ਦਾ ਕਾਰਾ: 23 ਜੂਨ 1985 ’ਚ ਵਾਪਰੇ ਉਕਤ ਕਨਿਸ਼ਕ ਕਾਂਡ (The Kanishka case) ਜਿਸ ਵਿੱਚ 268 ਕੈਨੇਡੀਅਨ ਨਾਗਰਿਕਾਂ ਸਮੇਤ 331 ਹੋਰ ਲੋਕ ਮਾਰੇ ਗਏ ਸਨ। ਇਸ ਅੱਤਵਾਦੀ ਹਮਲੇ ਮਗਰੋਂ ਵਿਸ਼ਵ ਅੱਤਵਾਦ ਦੀ ਚੁਣੌਤੀ ਦੇ ਸਨਮੁੱਖ ਕੈਨੇਡਾ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਤਹਿਤ ਸੂਚੀਬੱਧ ਕੀਤੇ ਗਏ 77 ਅੱਤਵਾਦੀ ਸਮੂਹਾਂ ਵਿੱਚ ਬੱਬਰ ਖ਼ਾਲਸਾ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੀਆਂ ਸਿੱਖ ਜਥੇਬੰਦੀਆਂ ਦਾ ਨਾ ਸ਼ਾਮਿਲ ਕੀਤਾ ਗਿਆ ਸੀ। ਕੈਨੇਡਾ ਵੱਲੋਂ ਦੇਸ਼ ਨੂੰ ਅੱਤਵਾਦ ਦੇ ਖ਼ਤਰੇ ਬਾਰੇ 2018 ਦੌਰਾਨ ਜਾਰੀ ਰਿਪੋਰਟ ’ਚ ’’ਸਿੱਖ ਕੱਟੜਪੰਥੀਆਂ’’ ਦੇ ਵਧਦੇ ਖ਼ਤਰੇ ਦਾ ਜ਼ਿਕਰ ਕੀਤਾ ਜਾਣਾ ਸਿੱਖ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਸੀ। ਇਸ ਨਮੋਸ਼ੀ ਦਾ ਸਭ ਤੋਂ ਵੱਡਾ ਕਾਰਣ ਉਸ ਸਮੇਂ ਅਸਲ ਵਿੱਚ ਕੈਨੇਡਾ ਅੰਦਰ ਵਸਦੇ ਖਾਲਿਸਤਾਨੀਆਂ ਨੂੰ ਹੀ ਮੰਨਿਆ ਗਿਆ ਜਿਨ੍ਹਾਂ ਨੇ ਕਨਿਸ਼ਕ ਏਅਰਲਾਈਨ ਕਾਂਡ ਦੀ ਸਾਰੀ ਸਾਜ਼ਿਸ਼ ਘੜੀ ਸੀ।
ਇਸ ਤਰ੍ਹਾਂ ਵਾਪਰਿਆ ਪੂਰਾ ਕਾਂਡ: ਸਾਲ 1985 ਵਿੱਚ 23 ਜੂਨ ਦੁਪਹਿਰ ਨੂੰ 12:15 ਵਜੇ, ਏਅਰ ਇੰਡੀਆ ਦੀ ਫਲਾਈਟ 182 (Air India flight) (ਕਨਿਸ਼ਕ) ਟੋਰਾਂਟੋ ਤੋਂ ਉਡਾਣ ਭਰਦੀ ਹੈ ਅਤੇ ਮਾਂਟਰੀਅਲ ਲਈ ਰਵਾਨਾ ਹੁੰਦੀ ਹੈ। ਇਸ ਤੋਂ ਬਾਅਦ ਇੱਥੋਂ ਜਹਾਜ਼ ਨੇ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣ ਭਰੀ। ਇਸ ਫਲਾਈਟ 'ਚ 307 ਯਾਤਰੀ ਅਤੇ 22 ਕਰੂ ਮੈਂਬਰ ਸਵਾਰ ਸਨ। ਜਹਾਜ਼ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਕਰੀਬ 45 ਮਿੰਟ ਦੀ ਦੂਰੀ 'ਤੇ ਸੀ ਜਦੋਂ ਸਵੇਰੇ 8.16 'ਤੇ ਇਹ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ। ਕੁਝ ਸਮੇਂ ਬਾਅਦ ਬਰਤਾਨਵੀ ਕਾਰਗੋ ਜਹਾਜ਼ ਦਾ ਪਾਇਲਟ ਕੰਟਰੋਲ ਰੂਮ ਨੂੰ ਸੁਨੇਹਾ ਭੇਜਦਾ ਹੈ, ਇਹ ਸੁਨੇਹਾ ਮਿਲਦੇ ਹੀ ਉਥੇ ਹਫੜਾ-ਦਫੜੀ ਮਚ ਗਈ। ਦਰਅਸਲ, ਕਾਰਗੋ ਜਹਾਜ਼ ਦੇ ਪਾਇਲਟ ਦਾ ਕਹਿਣਾ ਸੀ ਕਿ ਉਸ ਨੇ ਅਟਲਾਂਟਿਕ ਮਹਾਸਾਗਰ ਵਿੱਚ ਫਲਾਈਟ 182 ਦਾ ਮਲਬਾ ਦੇਖਿਆ ਹੈ।
ਖਾਲਿਸਤਾਨੀਆਂ ਉੱਤੇ ਬੇਗੁਨਾਹਾਂ ਦੀ ਮੌਤ ਦਾ ਇਲਜ਼ਾਮ: ਇਸ ਤੋਂ ਬਾਅਦ ਬਚਾਅ ਕਰਮਚਾਰੀ ਸਿਰਫ 181 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਸਕੇ । ਮਰਨ ਵਾਲਿਆਂ ਵਿੱਚੋਂ 268 ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਤੋਂ ਪਹਿਲਾਂ, ਏਅਰ ਇੰਡੀਆ ਦੀ ਫਲਾਈਟ 182 ਦਾ ਧਮਾਕਾ ਦੁਨੀਆਂ ਦਾ ਸਭ ਤੋਂ ਵੱਡਾ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਵਾਈ ਹਮਲਾ ਸੀ। ਇਸ ਦੌਰਾਨ ਕੈਨੇਡਾ ਤੋਂ ਸੰਚਾਲਿਤ ਖਾਲਿਸਤਾਨੀ ਅੱਤਵਾਦੀਆਂ 'ਤੇ 329 ਨਿਰਦੋਸ਼ ਲੋਕਾਂ ਦੀ ਮੌਤ ਦਾ ਇਲਜ਼ਾਮ ਲੱਗਿਆ ਸੀ।
ਖਾਲਿਸਤਾਨੀ ਹੋਏ ਸਨ ਗ੍ਰਿਫ਼ਤਾਰ: 1995 ਵਿੱਚ, ਕੈਨੇਡਾ ਦੇ ਸਰੀ ਵਿੱਚ ਰਹਿਣ ਵਾਲੇ ਇੱਕ ਅਖਬਾਰ ਦੇ ਸੰਪਾਦਕ ਤਾਰਾ ਸਿੰਘ ਹੇਅਰ ਨੇ ਕੈਨੇਡੀਅਨ ਪੁਲਿਸ (Canadian Police) ਨੂੰ ਦੱਸਿਆ ਕਿ ਉਸ ਨੇ ਬਾਗੜੀ ਨਾਮ ਦੇ ਇੱਕ ਵਿਅਕਤੀ ਨੂੰ ਇਹ ਕਬੂਲਦਿਆਂ ਸੁਣਿਆ ਕਿ ਉਹ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ। ਇਸ ਤੋਂ ਬਾਅਦ ਏਅਰ ਇੰਡੀਆ ਬੰਬ ਧਮਾਕੇ 'ਚ ਤੀਜਾ ਦੋਸ਼ੀ ਤਾਰਾ ਸਿੰਘ ਹੇਅਰ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ਵਿੱਚ 1998 'ਚ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਸਾਲ 2000 ਵਿੱਚ ਏਅਰ ਇੰਡੀਆ ਬੰਬ ਕਾਂਡ ਦੇ ਇਸ ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੇ ਇੱਕ ਮਿੱਲ ਵਿੱਚ ਕੰਮ ਕਰਨ ਵਾਲੇ ਰਿਪੁਦਮਨ ਸਿੰਘ ਅਤੇ ਅਜਾਇਬ ਸਿੰਘ ਬਾਗੜੀ ਨਾਮ ਦੇ ਵਪਾਰੀ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਹੁਣ ਸਾਲ 2022 ਦੌਰਾਨ ਰਿਪੂਦਮਨ ਸਿੰਘ ਦਾ ਵੀ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਕੁੱਝ ਮੁਲਜ਼ਮਾਂ ਨੂੰ ਮਾਮਲੇ ਵਿੱਚ ਕੈਨੇਡੀਅਨ ਕੋਰਟ ਨੇ ਬਰੀ ਵੀ ਕੀਤਾ।
- BJP Mahila Morcha Thank PM Modi: ਭਾਜਪਾ ਦਫ਼ਤਰ 'ਚ ਪ੍ਰਧਾਨ ਮੰਤਰੀ ਦਾ ਸਵਾਗਤ, ਕਿਹਾ- 'ਮਹਿਲਾ ਰਾਖਵਾਂਕਰਨ ਬਿੱਲ ਦੇ ਰਾਹ 'ਚ ਆਈਆਂ ਕਈ ਰੁਕਾਵਟਾਂ'
- Singer Shubh First Reaction: ਵਿਵਾਦ ਤੋਂ ਬਾਅਦ ਗਾਇਕ ਸ਼ੁਭ ਦਾ ਪਹਿਲਾ ਬਿਆਨ, ਕਿਹਾ- ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ
- Elderly Climbed Mobile Tower: ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈਕੇ ਦੋ ਬਜ਼ੁਰਗਾਂ ਦਾ ਅਨੋਖਾ ਪ੍ਰਦਰਸ਼ਨ, ਮੋਬਾਇਲ ਟਾਵਰ 'ਤੇ ਚੜ੍ਹ ਲਾਇਆ ਡੇਰਾ
ਇਸ ਪੂਰੇ ਮਾਮਲੇ ਤੋਂ ਇੱਕ ਗੱਲ ਸਾਫ ਹੈ ਕਿ ਅੱਜ ਖਾਲਿਸਤਾਨੀਆਂ ਦੀ ਮਦਦ ਕਰਕੇ ਕੈਨੇਡੀਅਨ ਪੀਐੱਮ ਅੱਗ ਨਾਲ ਖੇਡ ਰਹੇ ਨੇ ਕਿਉਂਕਿ ਜੋ ਖਾਲਿਸਤਾਨੀ ਅੱਜ ਸਿਰਫ ਭਾਰਤ ਲਈ ਖਤਰਾ ਲੱਗ ਰਹੇ ਨੇ ਉਹ ਆਪਣੇ ਇਤਿਹਾਸ ਨੂੰ ਕੈਨੇਡਾ ਖ਼ਿਲਾਫ਼ ਕਿਸੇ ਵੀ ਸਮੇਂ ਦੁਹਰਾ ਵੀ ਸਕਦੇ ਨੇ।