ਚੰਡੀਗੜ੍ਹ: ਚੋਣ ਕਮਿਸ਼ਨਰ ਕਰੁਣਾ ਰਾਜੂ ਨੇ ਜਾਣਕਾਰੀ ਦਿੱਤੀ ਹੈ ਕਿ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ 5 ਮਈ, 2019 ਤੱਕ ਕੁਲ 275 ਕਰੋੜ ਦੀਆਂ ਵਸਤਾਂ ਅਤੇ ਨਗਦੀ ਜ਼ਬਤ ਕੀਤੀਆਂ ਗਈਆਂ ਹਨ। ਇਸ ਦੌਰਾਨ 30.99 ਦੀ ਕਰੋੜ ਨਗਦ ਰਾਸ਼ੀ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਵੱਖ ਵੱਖ ਸਰਵਾਈਲੈਂਸ ਟੀਮਾਂ ਵੱਲੋਂ 12,28,781 ਲੀਟਰ ਸ਼ਰਾਬ ਫੜੀ ਗਈ ਹੈ, ਜਿਸ ਦੀ ਕੀਮਤ 9.1 ਕਰੋੜ ਰੁਪਏ ਬਣਦੀ ਹੈ। ਇਸੇ ਤਰ੍ਹਾਂ ਸੂਬੇ ਵਿੱਚ 7,668 ਕਿੱਲੋ ਗਰਾਮ ਨਸ਼ੀਲੇ ਪਦਾਰਥ ਵੀ ਫੜੇ ਗਏ ਹਨ, ਜਿਨ੍ਹਾਂ ਦੀ ਕੀਮਤ 212 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 30.99 ਕਰੋੜ ਰੁਪਏ ਦੀ ਨਕਦ, 21.95 ਕਰੋੜ ਦਾ ਸੋਨਾ-ਚਾਂਦੀ ਅਤੇ ਹੋਰ ਵਸਤਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਸੂਬੇ ਵਿੱਚ 3728 ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਹੈ ਜੋ ਕਿ ਸ਼ਾਂਤੀ ਭੰਗ ਕਰ ਸਕਦੇ ਹਨ। ਜਿਨ੍ਹਾਂ ਵਿੱਚੋਂ 3673 ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿੱਚ ਇਸ ਸਮੇਂ ਗ਼ੈਰ-ਜ਼ਮਾਨਤੀ ਵਾਰੰਟ ਦੇ 450 ਮਾਮਲੇ ਕਾਰਵਾਈ ਅਧੀਨ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 4523 ਲੋਕਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਅਧੀਨ ਕਾਰਵਾਈ ਕੀਤੀ ਗਈ ਹੈ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 96.4 ਪ੍ਰਤੀਸ਼ਤ ਲਾਇਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 124 ਗ਼ੈਰ-ਲਾਇਸੈਂਸੀ ਹਥਿਆਰ ਫੜੇ ਗਏ ਹਨ ਜਦਕਿ 770 ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀਵਿਜ਼ਲ ਐਪ ਉੱਤੇ ਹੁਣ ਤੱਕ 1840 ਸ਼ਿਕਾਇਤਾਂ ਪ੍ਰਾਪਤ ਹੋਇਆਂ ਹਨ, ਜਿਨ੍ਹਾਂ ਵਿੱਚੋਂ 955 ਦਰੁਸਤ ਪਾਈਆਂ ਗਈਆਂ ਹਨ।
ਦੱਸ ਦਈਏ ਕਿ ਪੰਜਾਬ 'ਚ 13 ਲੋਕਸਭਾ ਸੀਟਾਂ ਤੋਂ ਕੁੱਲ 278 ਉਮੀਦਵਾਰ ਮੈਦਾਨ 'ਚ ਹਨ, ਜਿੱਥੇ ਸੱਤਵੇਂ ਗੇੜ 'ਚ 19 ਮਈ ਨੂੰ ਵੋਟਿੰਗ ਹੋਵੇਗੀ।