ਚੰਡੀਗੜ੍ਹ: ਕਈ ਵੱਡੀਆਂ ਕਹਾਣੀਆਂ ਅਤੇ ਸ਼ਾਹਕਾਰ ਰਚਨਾਵਾਂ ਦੇ ਨਾਲ-ਨਾਲ ਪੱਤਰਕਾਰੀ ਤੇ ਫਿਲਮਸਾਜ਼ੀ ਵਿੱਚ ਨਾਮਣਾ ਖੱਟਣ ਵਾਲੇ ਪੰਜਾਬੀ ਸਾਹਿਤਕਾਰ ਅਮਨ ਪਾਲ ਸਾਰਾ ਦਾ ਅਕਾਲ ਚਲਾਣਾ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਪਾਰਕਿਨਸਨਜ ਨਾਂ ਦੀ ਬਿਮਾਰੀ ਨਾਲ ਪੀੜਤ ਸਨ। ਸਾਰਾ ਦਾ ਦੋ ਢਾਈ ਸਾਲ ਤੋਂ ਹਸਪਤਾਲ ਵਿਚ ਇਲਾਜ਼ ਹੋ ਰਿਹਾ ਸੀ।
ਸਾਰਾ ਰਹੇ ਹਨ ਮੈਨੇਜਿੰਗ ਐਡੀਟਰ: ਅਮਨ ਪਾਲ ਸਾਰਾ ਨੇ ਵੀਹਾਂ ਦਾ ਨੋਟ ਅਤੇ ਡਾਇਮੰਡ ਰਿੰਗ ਵਰਗੇ ਦੋ ਲਾਜਵਾਬ ਕਹਾਣੀ ਸੰਗ੍ਰਹਿ ਲਿਖੇ ਹਨ। ਜਾਣਕਾਰੀ ਮੁਤਾਬਿਕ ਅਮਨ ਪਾਲ ਸਾਰਾ ਵੈਨਕੂਵਰ ਦੇ ਸਮਾਜਿਕ ਅਤੇ ਸਾਹਿਤਕ ਹਲਕਿਆਂ ਵਿੱਚ ਵੀ ਵੱਡੀ ਪੈੜ ਰੱਖਣ ਵਾਲਾ ਨਾਂ ਸੀ। ਇਸ ਤੋਂ ਇਲਾਵਾ ਅਮਨ ਪਾਲ ਸਾਰਾ ਨੇ ਸੰਪਾਦਕੀ ਪ੍ਰਬੰਧਕ ਹੋਣ ਦੇ ਨਾਲ ਨਾਲ ਵੈਨਕੂਵਰ ਸੱਥ ਵਿੱਚ ਵੀ ਖਾਸ ਰੋਲ ਨਿਭਾਇਆ ਹੈ।
ਅਮਨ ਪਾਲ ਸਾਰਾ ਦੇ ਨੇੜਲੇ ਸਾਥੀ ਸਾਧੂ ਬਿਨਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਸਾਰਾ ਵਲੋਂ ਸਾਹਿਤ ਖੇਤਰ ਵਿੱਚ ਪਾਏ ਪੂਰਨਿਆਂ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਵਤਨੋਂ ਦੂਰ ਅਤੇ ਵੈਨਕੂਵਰ ਸੱਥ ਵਿੱਚ ਸਾਰਾ ਦੇ ਨਾਲ ਉਨ੍ਹਾਂ ਵਲੋਂ ਕਈ ਕੰਮ ਨੇਪਰੇ ਚਾੜ੍ਹੇ ਗਏ ਹਨ। ਬਿਨਿੰਗ ਨੇ ਕਿਹਾ ਕਿ ਸਾਰਾ ਸੁਭਾਅ ਤੋਂ ਹੀ ਇਕ ਚੰਗਾ ਇਨਸਾਨ ਅਤੇ ਲੇਖਕ ਸੀ ਦੂਜੇ ਪਾਸੇ ਓਹ ਬੀਸੀ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਫੈਡਰਲ ਮੰਤਰੀ ਉੱਜਲ ਦੋਸਾਂਝ ਦੇ ਵੀ ਨਜ਼ਦੀਕੀ ਰਿਸ਼ਤੇਦਾਰ ਸਨ। ਉਨ੍ਹਾਂ ਦੱਸਿਆ ਕਿ ਉੱਜਲ ਦੋਸਾਂਝ ਅਤੇ ਰਮੀ ਦੋਸਾਂਝ ਨੇ ਵੀ ਅਮਨ ਪਾਲ ਸਾਰਾ ਦੀ ਮੌਤ ਉੱਤੇ ਮੌਤ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਸਾਧੂ ਸਿੰਘ ਨੇ ਵੀ ਸਾਰਾ ਦੀ ਮੌਤ ਨੂੰ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਦੱਸਿਆ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ PG ਵਿੱਚ ਰਹਿੰਦੇ ਮੁੰਡੇ-ਕੁੜੀਆਂ ਦੀ ਪੁਲਿਸ ਵੱਲੋਂ ਕੀਤੀ ਗਈ ਵੈਰੀਫਿਕੇਸ਼ਨ
ਇਹ ਵੀ ਜ਼ਿਕਰਯੋਗ ਹੈ ਕਿ ਲੇਖਕ, ਸਾਹਿਤਕਾਰ, ਪੱਤਰਕਾਰ ਅਤੇ ਫਿਲਮਸਾਜ਼ ਅਮਨਪਾਲ ਸਾਰਾ ਨੇ ਜ਼ਿੰਦਗੀ ਵਿਚ ਕਾਫੀ ਘਾਲਣਾਂ ਘਾਲੀਆਂ ਹਨ ਤੇ ਸੰਘਰਸ਼ ਦੀ ਇਕ ਲੰਬੀ ਲੜੀ ਦੇਖੀ ਹੈ। ਸਾਰਾ ਨੇ 35 ਸਾਲਾਂ ਤੋਂ ਕੈਨੇਡਾ ਵਿਚ ਲੇਖਕ ਤੇ ਫਿਲਮ ਨਿਰਮਾਤਾ ਬਣਨ ਤੋਂ ਪਹਿਲਾਂ ਬੱਸਾਂ, ਟਰੱਕ ਤੇ ਟੈਕਸੀਆਂ ਵੀ ਚਲਾਈਆਂ ਸਨ। ਸਾਰਾ ਨੇ ਨਾਟਕਾਂ ਲਿਖਣ ਅਤੇ ਮੰਚਨ ਦੇ ਨਾਲ ਨਾਲ ਰਮਾ ਵਿੱਜ ਨੂੰ ਲੈ ਕੇ ਪੰਜਾਬੀ ਫਿਲਮ ਵੀ ਬਣਾਈ।