ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਆਬਕਾਰੀ ਵਿਭਾਗ ਵਿੱਚ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਤੇ ਉਸਦੇ ਇੱਕ ਸਾਥੀ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਖੰਨਾ ਜਿਲ੍ਹਾਂ ਲੁਧਿਆਣਾ ਵਿਖੇ ਤਾਇਨਾਤ ਜੇਈ ਪਰਮਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਰਵੀ ਮਸ਼ਾਲ ਵਾਸੀ ਖੰਨਾ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਜੇ.ਈ. ਨੇ ਉਨ੍ਹਾਂ ਦੇ ਪਲਾਟ ਵਿੱਚੋਂ ਲੰਘਦੇ ਬਿਜਲੀ ਦੇ ਖੰਬੇ ਹਟਾਉਣ ਲਈ 1,20,000 ਰੁਪਏ ਮੰਗੇ ਸਨ ਪਰ ਸੌਦਾ 1,00,000 ਰੁਪਏ ਵਿੱਚ ਤੈਅ ਹੋ ਗਿਆ। ਇਸ ਤੋਂ ਪਹਿਲਾਂ ਹੀ ਉਹ 80,000 ਰੁਪਏ 2 ਕਿਸ਼ਤਾਂ ਵਿੱਚ ਇਸੇ ਕੰਮ ਲਈ ਦੋਸ਼ੀ ਜੇ.ਈ. ਨੂੰ ਦੇ ਚੁੱਕਾ ਹੈ, ਪਰ ਉਹ ਹਾਲੇ ਵੀ ਇਸੇ ਕੰਮ ਨੂੰ ਕਰਨ ਬਦਲੇ 20,000 ਰੁਪਏ ਹੋਰ ਮੰਗ ਰਿਹਾ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।
ਦੂਜੇ ਪਾਸੇ ਵਿਜੀਲੈਂਸ ਬਿਓਰੋ ਨੇ ਹੌਲਦਾਰ ਸੁਖਦੇਵ ਸਿੰਘ ਅਤੇ ਅਮਰੂ ਨਾਮ ਦੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਸ਼ਿਕਾਇਤਕਰਤਾ ਦੇਵ ਰਾਜ ਵਾਸੀ ਪਿੰਡ ਬਤੂਰਾ ਜਿਲ੍ਹਾ ਜਲੰਧਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਜਲ ਸਪਲਾਈ ਵਿਭਾਗ ਵਿੱਚ ਟਿਊਬਵੈਲ ਅਪਰੇਟਰ ਵਜੋ ਤਾਇਨਾਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਹੌਲਦਾਰ ਨੇ ਉਸ ਤੋਂ ਰਾਹ ਵਿੱਚ ਜਾਂਦੇ ਸਮੇਂ ਦੇਸੀ ਦਾਰੂ ਦੀਆਂ 2 ਬੋਤਲਾਂ ਫੜੀਆਂ ਸਨ ਪਰ ਉਹ ਉਸ ਉਪਰ ਦਾਰੂ ਦੀ ਪੇਟੀ ਦਾ ਕੇਸ ਪਾਉਣ ਦਾ ਡਰਾਵਾ ਦੇ ਕੇ 10,000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 8,000 ਰੁਪਏ ਵਿਚ ਤੈਅ ਹੋਇਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਅਤੇ ਉਸ ਦੇ ਵਿਚੋਲੇ ਨੂੰ 2 ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਉਕਤ 3 ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕ੍ਰਮਵਾਰ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਅਤੇ ਜਲੰਧਰ ਵਿਖੇ ਮੁਕੱਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।