ਚੰਡੀਗੜ੍ਹ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਇਟਲਰ ਨੂੰ ਕਾਂਗਰਸ ਨੇ ਇਕ ਹੋਰ ਅਹੁਦੇ ਨਾਲ ਨਵਾਜਿਆ ਹੈ। ਹੁਣ ਟਾਇਟਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਨੇ ਆਪਣਾ ਮੈਂਬਰ ਬਣਾਇਆ ਹੈ। ਟਾਇਟਲਰ ਦਾ ਨਾਂ ਲਿਸਟ ਵਿੱਚ ਆਉਣ ਤੋਂ ਬਾਅਦ ਵਿਰੋਧੀ ਵੀ ਲਗਾਤਾਰ ਕਾਂਗਰਸ ਨੂੰ ਤਿੱਖੇ ਸਵਾਲ ਕਰ ਰਹੇ ਹਨ।
ਬੀਜੇਪੀ ਨੇ ਕੀਤੀ ਤਿੱਖੀ ਟਿੱਪਣੀ: ਭਾਜਪਾ ਆਗੂ ਗੌਰਵ ਭਾਟੀਆ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਭ ਤੋਂ ਵੱਧ ਨਫ਼ਰਤ ਫੈਲਾਉਣ ਵਾਲੇ ਆਗੂ ਜਗਦੀਸ਼ ਟਾਈਟਲਰ ਨੂੰ ਅੱਜ ਏ.ਆਈ.ਸੀ.ਸੀ. ਦਾ ਚੁਣਿਆ ਮੈਂਬਰ ਬਣਾਇਆ ਗਿਆ ਹੈ। ਭਾਟੀਆ ਨੇ ਕਿਹਾ ਕਿ ਇਹ ਕਹਿਣਾ ਗਲਤ ਨਹੀਂ ਕਿ ਨਫਰਤ ਫੈਲਾਉਣ ਵਾਲੇ, ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਅਤੇ ਕਤਲੇਆਮ ਵਿੱਚ ਸ਼ਾਮਲ ਟਾਈਟਲਰ ਵਰਗੇ ਦੋਸ਼ੀ ਕਾਂਗਰਸ ਦੀ ਰੀੜ੍ਹ ਦੀ ਹੱਡੀ ਹਨ।
ਦਿੱਲੀ ਕਾਂਗਰਸ ਕਮੇਟੀ ਦਾ ਚੁਣਿਆ ਸੀ ਮੈਂਬਰ: ਇਹ ਵੀ ਯਾਦ ਰਹੇ ਕਿ ਪਿਛਲੇ ਸਾਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਜੋ ਲਿਸਟ ਜਾਰੀ ਕੀਤੀ ਸੀ, ਉਸ ਵਿੱਚ ਵੀ ਜਗਦੀਸ਼ ਟਾਇਟਲਰ ਦਾ ਨਾਂ ਸੀ। ਇਹ ਲਿਸਟ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀ ਅਤੇ ਇਸ ਵਿੱਚ 37 ਪੱਕੇ ਇਨਵਾਇਟੀ ਨਾਂ ਸਨ, ਜਿਨ੍ਹਾਂ ਵਿੱਚ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਇਟਲਰ ਦਾ ਵੀ ਨਾਂ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਦਿੱਲੀ ਦੀ ਕਾਂਗਰਸ ਕਾਰਜਕਾਰੀ ਕਮੇਟੀ ਦੇ 87 ਨਾਂ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਰਿਲੀਜ ਕੀਤੇ ਸਨ।
1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਉਚੇਚਾ ਲਿਆ ਜਾਂਦਾ ਨਾਂ: ਇਸ ਲਿਸਟ ਵਿੱਚ ਜਗਦੀਸ਼ ਟਾਈਟਲਰ ਦੇ ਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ, ਅਜੇ ਮਾਕਨ, ਜਨਾਰਦਨ ਦਿਵੇਦੀ ਦਾ ਵੀ ਉਚੇਚਾ ਨਾਂ ਸ਼ਾਮਿਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਟਾਈਟਲਰ ਸੱਜਣ ਕੁਮਾਰ ਤੋਂ ਬਾਅਦ 1984 ਦੇ ਦੰਗਿਆਂ ਵਿੱਚ ਦੂਜਾ ਅਜਿਹਾ ਆਗੂ ਹੈ, ਜਿਸਦੀ ਭੂਮਿਕਾ ਸਾਹਮਣੇ ਆਉਂਦੀ ਰਹੀ ਹੈ। ਹਾਲਾਂਕਿ ਇਹ ਉਮਰ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਦੰਗਿਆਂ ਦਾ ਦਾਗੀ ਕਿਹਾ ਜਾਣ ਵਾਲਾ ਚਿਹਰਾ ਮੰਨਿਆ ਗਿਆ ਹੈ।