ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 28 ਅਗਸਤ ਨੂੰ ਇੱਕ ਦਿਨ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਇੱਕ ਦਿਨ ਦੇ ਸੈਸ਼ਨ ਨੂੰ ਲੈ ਕੇ ਸਿਆਸੀ ਮੈਦਾਨ ਭੱਖ ਗਿਆ ਹੈ। ਵਿਰੋਧੀ ਦਲਾਂ ਵੱਲੋਂ ਸੈਸ਼ਨ ਨੂੰ ਜ਼ਿਆਦਾ ਦਿਨਾਂ ਦਾ ਬਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪਕੀਰ ਰਾਣਾ ਕੇ.ਪੀ. ਸਿੰਘ ਨੇ ਈਟੀਵੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਿਰੋਧੀਆਂ ਦੀ ਮੰਗ ਜਾਇਜ਼ ਹੈ ਪਰ ਹਲਾਤ ਸਹੀ ਨਾ ਕਾਰਨ ਇਹ ਸੈਸ਼ਨ ਇੱਕ ਦਿਨ ਦਾ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਲਾਤ ਸਹੀ ਹੋਣ 'ਤੇ ਸੈਸ਼ਨ ਦੁਬਾਰਾ ਬੁਲਾਇਆ ਜਾਵੇਗਾ।
ਉੱਥੇ ਹੀ ਇਸ ਮੌਕੇ ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਾਜ਼ਰ ਹੋਣ ਲਈ ਸਾਰੇ ਵਿਧਾਇਕਾਂ, ਮੰਤਰੀਆਂ ਤੇ ਵਿਧਾਨ ਸਭਾ ਦੇ ਸਟਾਫ ਨੂੰ ਕੋਰੋਨਾ ਟੈਸਟ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਗਏ ਹਨ। ਕੋਰੋਨਾ ਟੈਸਟ ਦੀ ਰਿਪੋਰਟ 25 ਤੋਂ 27 ਅਗਸਤ ਦੌਰਾਨ ਦੀ ਹੋਣੀ ਲਾਜ਼ਮੀ ਹੈ। ਨੈਗੇਟਿਵ ਕੋਰੋਨਾ ਰਿਪੋਰਟ ਤੋਂ ਬਿਨਾਂ ਕਿਸੇ ਦੀ ਵੀ ਵਿਧਾਨ ਸਭਾ 'ਚ ਐਂਟਰੀ ਨਹੀਂ ਹੋਵੇਗੀ।
ਸਪੀਕਰ ਨੇ ਅੱਗੇ ਦੱਸਿਆ ਕਿ ਸਦਨ ਦੇ ਅੰਦਰ ਜਿੱਥੇ ਵਿਧਾਇਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਉੱਥੇ ਮੁਲਾਜ਼ਮਾਂ ਦੀ ਗਿਣਤੀ ਵੀ ਇੱਕ ਚੌਥਾਈ ਕਰ ਦਿੱਤੀ ਗਈ ਹੈ। ਸਦਨ ਦੇ ਅੰਦਰ ਇੱਕ ਬੈਂਚ 'ਤੇ ਕੇਵਲ ਇੱਕ ਵਿਧਾਇਕ ਨੂੰ ਹੀ ਬਿਠਾਇਆ ਜਾਵੇਗਾ। ਮੌਜੂਦਾ ਵਿਧਾਨ ਸਭਾ ਦੇ ਸਪੀਕਰ ਸਮੇਤ 117 ਮੈਂਬਰ ਹਨ। ਇਸ ਤੋਂ ਇਲਾਵਾ ਐਡਵੋਕੇਟ ਜਨਰਲ ਦੀ ਵੀ ਸੀਟ ਲਗਾਈ ਜਾਂਦੀ ਹੈ। ਸਦਨ ਵਿੱਚ ਕੁੱਲ 105 ਸੀਟਾਂ ਹਨ। ਇਸ ਤਰ੍ਹਾਂ ਵਿਧਾਇਕਾਂ ਲਈ ਵਾਧੂ ਬੈਂਚ ਲਗਾਏ ਜਾ ਰਹੇ ਹਨ।