ਚੰਡੀਗੜ੍ਹ: ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮਾਮਲੇ ਵਿੱਚ ਸਿਆਸਤ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਪੰਜਾਬ ਕੈਬਿਨੇਟ ਵੱਲੋਂ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਪੁੱਡਾ ਨੂੰ ਸੌਂਪਣ ਦੇ ਫ਼ੈਸਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰਨ ਲੱਗ ਪਈਆਂ ਹਨ।
ਹੁਣ ਇਸ ਮਾਮਲੇ ਨੂੰ ਲੈ ਕੇ ਮੀਡੀਆ ਦੇ ਰੂਬਰੂ ਹੁੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਿਆ ਨਹੀਂ ਜਾ ਰਿਹਾ, ਝੀਲ ਦੇ ਪਾਣੀ ਨੂੰ ਬਠਿੰਡਾ ਵਾਸੀਆਂ ਦੇ ਪੀਣ ਦੇ ਲਈ ਵਰਤਿਆ ਜਾਵੇਗਾ। ਥਰਮਲ ਦੀ ਰਿਹਾਇਸ਼ੀ ਕਾਲੋਨੀਆਂ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਲਾਈਨ ਅਤੇ ਪੁਲਿਸ ਲਾਈਨ ਅਧਿਕਾਰੀ ਇਸ ਥਰਮਲ ਕਾਲੋਨੀ ਵਿੱਚ ਸ਼ਿਫਟ ਹੋਣਗੇ।
ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਕੀ ਬਚਦੀ ਜ਼ਮੀਨ ਨੂੰ ਇੰਡਸਟਰੀ ਪਾਰਕ ਵਜੋਂ ਵਿਕਸਤ ਕੀਤਾ ਜਾਵੇਗਾ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਾਲ ਮਿਲ ਕੇ ਇੱਥੇ ਇੰਡਸਟਰੀ ਹੱਬ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇੰਡਸਟਰੀ ਹੱਬ ਬਠਿੰਡਾ ਲਈ ਵਾਰਦਾਨ ਸਾਬਿਤ ਹੋਵੇਗਾ।
ਇਹ ਵੀ ਪੜੋ: ਨਵਜੋਤ ਸਿੱਧੂ ਦੇ ਘਰ ਬਾਹਰ ਬਿਹਾਰ ਪੁਲਿਸ ਨੇ ਲਾਇਆ ਨੋਟਿਸ
ਮਨਪ੍ਰੀਤ ਬਾਦਲ ਨੇ ਕਿਹਾ ਕਿ ਥਰਮਲ ਪਲਾਂਟ ਦੀ ਮਸ਼ੀਨਰੀ ਕਾਫੀ ਪੁਰਾਣੀ ਹੋ ਚੁੱਕੀ ਹੈ। ਇਹ 8 ਫੀਸਦੀ ਹੀ ਬਿਜਲੀ ਪੈਦਾ ਕਰਕੇ ਸਰਕਾਰ ਨੂੰ ਘਾਟੇ ਵਿੱਚ ਪਾ ਰਿਹਾ ਸੀ, ਜਿਸ ਕਾਰਨ ਉਸ ਨੂੰ ਬੰਦ ਕਰਨਾ ਵੀ ਲਾਜ਼ਮੀ ਸੀ, ਥਰਮਲ ਪਲਾਂਟ ਵਿਖੇ ਪੈਦਾ ਕੀਤੀ ਜਾਣ ਵਾਲੀ ਬਿਜਲੀ 7 ਰੁਪਏ 70 ਪੈਸੇ ਦੀ ਪੈ ਰਹੀ ਸੀ, ਜਦਕਿ ਨੈਸ਼ਨਲ ਗਰਿੱਡ ਤੋਂ 2 ਰੁਪਏ 30 ਪੈਸੇ ਵਿੱਚ ਖਰੀਦੀ ਜਾ ਰਹੀ ਹੈ।