ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਤਕਰੀਬਨ ਪਿਛਲੇ ਦੋ ਮਹੀਨਿਆਂ ਤੋਂ ਲੌਕਡਾਊਨ ਲੱਗਾ ਗੋਇਆ ਸੀ। ਇਸ ਕਾਰਨ ਨਸ਼ਾ ਕਰਨ ਵਾਲਿਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ, ਕਿਉਂਕਿ ਨਸ਼ੇ ਦੀ ਚੇਨ ਨੂੰ ਠੱਲ ਪਈ ਹੋਈ ਸੀ। ਨਸ਼ੇ ਦੀ ਕਿੱਲਤ ਕਾਰਨ ਨਸ਼ਾ ਛਡਾਉ ਕੇਂਦਰਾਂ 'ਤੇ ਨਸ਼ਾ ਛੱਡਣ ਵਾਲਿਆਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਆਕਾਸ਼ ਡੀ-ਅਡਿਕਸ਼ਨ ਸੈਂਟਰ ਦੇ ਕੰਸਲਟੈਂਟ ਸਾਈਕਾਇਟ੍ਰਿਸਟ ਡਾਕਟਰ ਕਰਨ ਨੇ ਦੱਸਿਆ ਕਿ ਪਹਿਲਾਂ ਜਿੱਥੇ ਉਨ੍ਹਾਂ ਕੋਲ ਨਸ਼ਾ ਛੁਡਵਾਉਣ ਲਈ 100 ਤੋਂ 150 ਵਿਅਕਤੀ ਆਉਂਦੇ ਸੀ। ਪਰ ਲੌਕਡਾਊਨ ਦੌਰਾਨ ਇਹ ਗਿਣਤੀ ਵੱਧ ਗਈ ਹੈ ਅਤੇ ਹੁਣ ਉਨ੍ਹਾਂ 250 ਤੋਂ 300 ਲੋਕ ਹਰ ਰੋਜ਼ ਆਉਣ ਲੱਗ ਗਏ ਹਨ।
ਡਾ. ਕਰਨ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਰਾਬ ਦੇ ਨਸ਼ੇ ਦੇ ਆਦੀ ਵਿਅਕਤੀ ਜ਼ਿਆਦਾ ਹਨ। ਉਨ੍ਹਾਂ ਦੱਸਿਆ ਕਿ 25 ਫ਼ੀਸਦੀ ਲੋਕ ਚਿੱਟਾ ਛੁਡਵਾਉਣ ਲਈ ਆ ਰਹੇ ਹਨ ਕਿਉਂਕਿ ਲੌਕਡਾਊਨ ਕਾਰਨ ਘਰੋਂ ਕੋਈ ਬਾਹਰ ਨਹੀਂ ਨਿਕਲ ਸਕਦਾ, ਜਿਸ ਕਾਰਨ ਸਪਲਾਈ ਚੇਨ 'ਤੇ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਮਰੀਜ਼ ਦੀ ਪੂਰੀ ਹਿਸਟਰੀ ਪਤਾ ਕਰਕੇ ਫਿਰ ਉਸ ਨੂੰ ਦਵਾਈ ਦਿੰਦੇ ਹਨ ਅਤੇ ਸਰਕਾਰੀ ਨਿਯਮ ਮੁਤਾਬਕ ਮਰੀਜ਼ ਨੂੰ ਇੱਕ ਦਿਨ ਦੀ ਦਵਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ ਦਵਾਈ ਸਮੇਂ ਸਿਰ ਅਤੇ ਪਰਹੇਜ਼ ਨਾਲ ਖਾਂਦਾ ਹੈ ਤਾਂ ਪੂਰਨ ਤੌਰ 'ਤੇ ਨਸ਼ਾ ਛੱਡ ਸਕਦਾ ਹੈ। ਪਰ ਇਸ ਲਈ ਅਹਿਤਿਆਤ ਵਰਤਣਾ ਜ਼ਰੂਰੀ ਹੈ, ਜਿਸ ਵਿੱਚ ਕਾਫੀ ਲੋਕ ਅਸਫਲ ਹੋ ਜਾਂਦੇ ਹਨ ਅਤੇ ਮਰੀਜ਼ਾਂ ਨੂੰ ਨਸ਼ਾ ਛੱਡਣ ਦੇ ਲਈ ਕਾਫੀ ਸਮਾਂ ਲੱਗਦਾ ਹੈ।