ਚੰਡੀਗੜ੍ਹ : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੇਸ਼ 'ਚ ਆਉਣ ਵਾਲੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ/ਜੀਵ ਜੰਤੁਆਂ ਦੀ ਆਮਦ ਘੱਟਣ ਨੂੰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। ਉਨ੍ਹਾਂ ਪ੍ਰਵਾਸੀ ਜੀਵਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਢੁੱਕਵਾਂ ਵਾਤਾਵਰਣ ਸਿਰਜਣ ਸਬੰਧੀ ਉਪਰਾਲੇ ਕਰਨ 'ਤੇ ਜ਼ੋਰ ਦਿੱਤਾ ਹੈ
ਗੁਜਰਾਤ ਦੇ ਗਾਂਧੀ ਨਗਰ ਵਿਖੇ 6 ਰੋਜ਼ਾ 13ਵੀਂ ਅੰਤਰ ਰਾਸ਼ਟਰੀ ਕਾਨਫਰੰਸ ਆਫ ਪਾਰਟੀਜ਼ (ਸੀ.ਓ.ਪੀ.) 'ਚ ਭਾਗ ਲੈਂਦਿਆਂ ਉਨ੍ਹਾਂ ਕਿਹਾ ਕਿ ਜੰਗਲੀ ਜੀਵ ਜੰਤੂਆਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਆਮਦ ਅਤੇ ਦੇਖਭਾਲ ਅਤੇ ਉਨ੍ਹਾਂ ਦੇ ਰਹਿਣ ਲਈ ਢੁੱਕਵੀਆਂ ਥਾਵਾਂ 'ਤੇ ਪ੍ਰਬੰਧ ਕਰਨੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਮਨੁੱਖ ਵੱਲੋਂ ਬਣਾਏ ਗਏ ਇਲੈਕਟ੍ਰੋਨਿਕ ਉਪਕਰਨਾਂ, ਮੋਬਾਇਲ ਫੋਨਾਂ ਦੇ ਟਾਵਰਾਂ ਸਮੇਤ ਹੋਰ ਕਈ ਪ੍ਰਕਾਰ ਦੀਆਂ ਕਿਰਨਾਂ ਕਰਕੇ ਭਾਰਤ ਦੇਸ਼ ਵਿੱਚ ਕਈ ਪ੍ਰਕਾਰ ਦੇ ਪੰਛੀਆਂ ਤੇ ਜੀਵਾਂ ਦੀ ਆਮਦ ਘੱਟ ਗਈ ਹੈ।
13ਵੀਂ ਕਾਨਫਰੰਸ ਆਫ ਪਾਰਟੀਜ਼ ਦਾ ਮੁੱਖ ਉਦੇਸ਼ ਵੱਖੋ-ਵੱਖਰੇ ਦੇਸ਼ਾਂ ਨਾਲ ਮਿਲ ਕੇ ਵੱਖ-ਵੱਖ ਜੀਵ ਜੰਤੂਆਂ ਅਤੇ ਪੰਛੀਆਂ ਦੀ ਸੰਭਾਲ ਅਤੇ ਬਚਾਅ ਲਈ ਕੰਮ ਕਰਨਾ ਹੈ, ਜੋ ਇੱਕ ਥਾਂ ਤੋਂ ਪ੍ਰਵਾਸ ਕਰਦੇ ਹਨ। ਹਰ ਵਰ੍ਹੇ ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਪ੍ਰਵਾਸੀ ਪੰਛੀ ਪੰਜਾਬ ਵੱਲ ਆਕਰਸ਼ਿਤ ਹੋ ਕੇ ਇੱਥੇ ਪਹੁੰਚਦੇ ਹਨ। ਇਹ ਪੰਛੀ ਸਾਈਬੇਰੀਆ ਵਰਗੇ ਦੂਰ ਦੁਰਾਡੇ ਦੇ ਖੇਤਰਾਂ ਤੋਂ ਇੱਥੇ ਆਉੁਂਦੇ ਹਨ ਅਤੇ 2-3 ਮਹੀਨੇ ਇੱਥੇ ਵੈਟਲੈਂਡਜ਼ ਵਿਖੇ ਗੁਜ਼ਾਰਦੇ ਹਨ।
ਉਦਘਾਟਨ ਮਗਰੋਂ ਅੱਜ ਕਈ ਵੱਖ-ਵੱਖ ਤਕਨੀਕੀ ਸ਼ੈਸ਼ਨ ਆਯੋਜਿਤ ਕੀਤੇ ਗਏ, ਜਿਸ ਮੌਕੇ ਪੰਜਾਬ ਦੇ ਵੈਟਲੈਂਡ ਖੇਤਰਾਂ ਕੇਸ਼ੋਪੁਰ, ਨੰਗਲ ਅਤੇ ਬਿਆਸ ਆਦਿ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ ਗਿਆ। ਇਸ ਮੌਕੇ ਰਾਮਸਰ ਸਾਈਟਾਂ ਹਰੀਕੇ, ਰੋਪੜ ਅਤੇ ਕਾਂਜਲੀ ਸਬੰਧੀ ਵੀ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ 'ਚ ਜੰਗਲੀ ਖੇਤਰ ਘੱਟ ਹੋਣ ਦੇ ਬਾਵਜੂਦ ਇੱਥੇ ਸਥਿਤ ਖੇਤਰਾਂ ਵਿਚੇ ਪ੍ਰਵਾਸੀ ਜੀਵ ਜੰਤੂਆਂ/ਪੰਛੀਆਂ ਦੀ ਆਮਦ ਸਬੰਧੀ ਵੀ ਸ਼ਲਾਘਾ ਕੀਤੀ ਗਈ।
15 ਤੋਂ 22 ਫ਼ਰਵਰੀ, 2020 ਤੱਕ ਚੱਲਣ ਵਾਲੀ ਇਸ ਕਾਨਫਰੰਸ ਦਾ ਰਸਮੀ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ।