ਚੰਡੀਗੜ੍ਹ: ਸਰਦੀਆਂ ਵਿੱਚ ਚਮੜੀ ਅਤੇ ਵਾਲਾਂ ਦੀ ਦੇਖਭਾਲ ਵੀ ਉੰਨੀ ਹੀ ਜ਼ਰੂਰੀ ਹੈ, ਜਿੰਨੀ ਠੰਢ ਵਿੱਚ ਗਰਮ ਕੱਪੜੇ। ਅਕਸਰ ਸਰਦੀਆਂ ਵਿੱਚ ਚਮੜੀ ਅਤੇ ਵਾਲਾਂ ਦੀ ਖੂਬਸੂਰਤੀ ਕਿਧਰੇ ਗਾਇਬ ਹੀ ਹੋ ਜਾਂਦੀ ਹੈ। ਚਮੜੀ ਅਤੇ ਵਾਲਾਂ ਦੀ ਰੌਣਕ ਗਾਇਬ ਹੋ ਜਾਂਦੀ ਹੈ ਤੇ ਫਿਰ ਮਨ ਵਿਚ ਇਕੋ ਹੀ ਸਵਾਲ ਆਉਂਦਾ ਕਿ ਆਖਿਰ ਚਮੜੀ ਦੀ ਚਮਕ ਨੂੰ ਵਾਪਸ ਕਿਵੇਂ ਮੋੜ ਲਿਆਈਏ ? ਵਾਲਾਂ ਦੀ ਮਜ਼ਬੂਤੀ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ? ਇਨ੍ਹਾਂ ਸਵਾਲਾਂ ਤੇ ਉਲਝਣਾਂ ਅਤੇ ਮਨ ਵਿਚ ਉੱਠਦੇ ਵਲਵਲਿਆਂ ਦਾ ਹੱਲ ਕਰਨ ਲਈ ਈਟੀਵੀ ਭਾਰਤ ਵੱਲੋਂ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਵਿਵੇਕ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਸਰਦੀਆਂ ਵਿਚ ਚਮੜੀ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਅਤੇ ਖਾਸ ਕਰਕੇ ਔਰਤਾਂ ਆਪਣੀ ਚਮੜੀ ਅਤੇ ਵਾਲਾਂ ਨੂੰ ਸਰਦੀਆਂ ਵਿਚ ਕਿਵੇਂ ਚਮਕਦਾਰ ਰੱਖ ਸਕਦੀਆਂ ਹਨ।
ਗਰਮ ਕੱਪੜੇ ਪਾਉਣ ਤੋਂ ਪਹਿਲਾਂ ਸੂਤੀ ਕੱਪੜਿਆਂ ਦਾ ਕਰੋ ਇਸਤੇਮਾਲ: ਚਮੜੀ ਰੋਗਾਂ ਦੇ ਮਾਹਿਰ ਡਾ. ਵਿਵੇਕ ਮਲਹੋਤਰਾ ਨੇ ਦੱਸਿਆ ਕਿ ਸਰਦੀਆਂ ਵਿੱਚ ਚਮੜੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੰਢ ਤੋਂ ਬੱਚਣ ਲਈ ਪਾਏ ਜਾਣ ਵਾਲੇ ਊਨ ਦੇ ਕੱਪੜੇ ਵੀ ਚਮੜੀ ਲਈ ਮੁਸੀਬਤ ਛੇੜ ਦਿੰਦੇ ਹਨ, ਜਿਨ੍ਹਾਂ ਨਾਲ ਚਮੜੀ 'ਤੇ ਕਈ ਵਾਰ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਖੁਜਲੀ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਗਰਮ ਕੱਪੜੇ ਪਾਉਣ ਤੋਂ ਪਹਿਲਾਂ ਸਰੀਰ ਉੱਤੇ ਸਭ ਤੋਂ ਪਹਿਲੀ ਪਰਤ ਸੂਤੀ ਕੱਪੜੇ ਦੀ ਪਾਈ ਜਾਵੇ, ਤਾਂ ਜੋ ਸਕਿਨ ਐਲਰਜੀ ਤੋਂ ਬਚਅ ਹੋ ਸਕੇ।
ਉਨ੍ਹਾਂ ਦੱਸਿਆ ਕਿ ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਚਮੜੀ ਖੁਸ਼ਕ ਹੋਣ ਦੀ ਸਮੱਸਿਆ ਹੁੰਦੀ ਹੈ। ਜਦੋਂ ਨਹਾ ਕੇ ਨਿਕਲੋ ਜਾਂ ਕੱਪੜੇ ਬਦਲੋ ਤਾਂ ਖਾਰਿਸ਼ ਹੋਣ ਲੱਗ ਜਾਂਦੀ ਹੈ। ਇਸ ਤੋਂ ਬਚਾਅ ਲਈ ਸਰੀਰ ਨੂੰ ਨਾਰੀਅਲ ਦਾ ਤੇਲ ਲਗਾਓ, ਮਾਲਿਸ਼ ਕਰਨ ਦੀ ਜ਼ਰੂਰਤ ਨਹੀਂ ਬੱਸ ਹਲਕਾ ਹਲਕਾ ਤੇਲ ਲਗਾਓ, ਜੋ ਸਰੀਰ ਵਿੱਚ ਨਮੀ ਨੂੰ ਬਰਕਰਾਰ ਰੱਖਦਾ ਹੈ ਅਤੇ ਨਾਲ ਹੀ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ।
ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਓ ਅਤੇ ਸਾਬਣ ਘੱਟ ਲਗਾਓ: ਡਾ. ਵਿਵੇਕ ਮਲਹੋਤਰਾ ਨੇ ਦੱਸਿਆ ਕਿ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਵੀ ਚਮੜੀ ਉੱਤੇ ਰੇਸ਼ਿਸ ਪੈ ਜਾਂਦੇ ਹਨ ਅਤੇ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਰਮ ਪਾਣੀ ਚਮੜੀ ਦੀ ਨਮੀ ਖ਼ਤਮ ਕਰ ਦਿੰਦਾ ਹੈ ਅਤੇ ਖਾਰਿਸ਼ ਹੋਰ ਵੱਧ ਜਾਂਦੀ ਹੈ। ਨਹਾਉਣ ਲਈ ਕੋਸੇ ਪਾਣੀ ਦਾ ਇਸਤੇਮਾਲ ਕਰੋ। ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਤੋਂ ਜਿੰਨਾ ਬਚਿਆ ਜਾ ਸਕੇ ਚੰਗਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਸਾਬਣ ਦੀ ਘੱਟ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ।
ਡਾ. ਵਿਵੇਕ ਦਾ ਕਹਿਣਾ ਹੈ ਕਿ ਇਕ ਤਾਂ ਉਸ ਸਾਬਣ ਦੀ ਵਰਤੋਂ ਕਰੋ ਜੋ ਜ਼ਿਆਦਾ ਹਾਰਸ਼ ਨਾ ਹੋਵੇ ਅਤੇ ਨਮੀ ਭਰਪੂਰ ਹੋਵੇ। ਸਾਬਣ ਵੀ ਹਰ ਰੋਜ਼ ਲਗਾਉਣ ਦੀ ਜ਼ਰੂਰਤ ਨਹੀਂ। ਸਰਦੀ ਵਿਚ ਤਾਂ ਵੈਸੇ ਵੀ ਪਸੀਨਾ ਨਹੀਂ ਆਉਂਦਾ। ਕੁਝ ਖਾਸ ਹਿੱਸਿਆਂ ਵਿਚ ਹੀ ਰੋਜ਼ ਸਾਬਣ ਲਗਾਉ। ਸਾਰੇ ਸਰੀਰ ਵਿਚ ਹਫ਼ਤੇ ਅੰਦਰ 2 ਵਾਰ ਕਾਫ਼ੀ ਹੈ।
ਸਰਦੀਆਂ ਵਿੱਚ ਚਮੜੀ ਅੰਦਰ ਹੁੰਦੇ ਨੇ ਚਿਲਬਲੇਨਸ: ਡਾ. ਵਿਵੇਕ ਨੇ ਦੱਸਿਆ ਕਿ ਸਰਦੀਆਂ ਵਿੱਚ ਚਿਲ ਬਲੇਨ ਦੀ ਸਮੱਸਿਆ ਸਭ ਤੋਂ ਆਮ ਹੈ ਜਿਸ ਵਿਚ ਹੱਥ ਅਤੇ ਪੈਰ ਸੁਜ ਜਾਂਦੇ ਹਨ ਅਤੇ ਚਮੜੀ ਲਾਲ ਹੋ ਜਾਂਦੀ ਹੈ। ਅਜਿਹਾ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ, ਜਿਨ੍ਹਾਂ ਦੀ ਚਮੜੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਉਨ੍ਹਾਂ ਦੀਆਂ ਧਮਨੀਆਂ ਵੀ ਸਰਦੀਆਂ ਵਿੱਚ ਸੰਵੇਦਨਸ਼ੀਲ ਹੋ ਜਾਂਦੀਆਂ ਹਨ, ਕਈ ਵਾਰ ਤਾਂ ਹੱਥਾਂ ਪੈਰਾਂ ਉੱਤੇ ਜਖ਼ਮ ਵੀ ਹੋ ਜਾਂਦੇ ਹਨ। ਸਾਰਿਆਂ ਨਾਲ ਅਜਿਹਾ ਨਹੀਂ ਹੁੰਦਾ, ਜਿਨ੍ਹਾਂ ਵਿਅਕਤੀਆਂ ਨਾਲ ਅਜਿਹਾ ਹੁੰਦਾ ਹੈ, ਉਹ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੇ ਜਿਵੇਂ ਕਿ ਹੱਥਾਂ ਪੈਰਾਂ ਨੂੰ ਠੰਢ ਤੋਂ ਬਚਾਓ, ਠੰਢੀ ਹਵਾ ਅਤੇ ਠੰਢੇ ਪਾਣੀ ਤੋਂ ਦੂਰ ਰਹੋ। ਕੋਈ ਵੀ ਕੰਮ ਠੰਢੇ ਪਾਣੀ 'ਚ ਨਾ ਕਰੋ, ਹੱਥ ਵੀ ਠੰਢੇ ਪਾਣੀ ਨਾਲ ਨਾ ਧੋਵੋ, ਪੈਰਾਂ ਨੂੰ ਜੁਰਾਬਾਂ ਅਤੇ ਹੱਥਾਂ ਨੂੰ ਦਸਤਾਨੇ ਪਾ ਕੇ ਰੱਖਣਾ, ਠੰਢੇ ਹੱਥ ਪੈਰ ਹੀਟਰ ਅੱਗੇ ਨਾ ਕਰੋ।
ਵਾਲਾਂ ਨੂੰ ਠੰਢ ਤੋਂ ਇੰਝ ਬਚਾਓ: ਡਾ. ਵਿਵੇਕ ਮਲਹੋਤਰਾ ਨੇ ਦੱਸਿਆ ਕਿ ਠੰਢ ਵਿੱਚ ਵਾਲਾਂ ਨੂੰ ਉਂਝ ਤਾਂ ਕੋਈ ਬਹੁਤਾ ਪ੍ਰਭਾਵ ਨਹੀਂ ਹੁੰਦਾ। ਪਰ, ਵਾਲਾਂ 'ਤੇ ਲਾਈਫਸਟਾਈਲ ਵਿਚ ਤਬਦੀਲੀ ਦਾ ਪ੍ਰਭਾਵ ਪੈਂਦਾ ਹੈ। ਸਰਦੀਆਂ ਵਿਚ ਵਾਲਾਂ ਦੀ ਸਫ਼ਾਈ ਅਤੇ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਵਾਲਾਂ ਉੱਤੇ ਤੇਲ ਅਤੇ ਕੰਡੀਸ਼ਨਰ ਲਗਾਉਂਦੇ ਰਹੋ। ਵਾਲਾਂ ਨੂੰ ਤੰਦਰੁਸਤ ਰੱਖਣ ਲਈ ਇਕ ਚੰਗੀ ਖੁਰਾਕ ਜ਼ਰੂਰੀ ਹੈ ਜਿਵੇਂ ਕਿ ਜੂਸ, ਫਲ ਅਤੇ ਹਰੀਆਂ ਸਬਜ਼ੀਆਂ ਆਦਿ।
ਔਰਤਾਂ ਚਮੜੀ ਅਤੇ ਵਾਲਾਂ ਦੀ ਖੂਬਸੂਰਤੀ ਕਿਵੇਂ ਕਾਇਮ ਰੱਖਣ : ਡਾਕਟਰ ਮਲਹੋਤਰਾ ਨੇ ਆਖਿਆ ਕਿ ਔਰਤਾਂ ਖੂਬਸੂਰਤੀ ਬਰਕਰਾਰ ਰੱਖਣ ਲਈ ਕੁਝ ਜ਼ਿਆਦਾ ਨਾ ਕਰਨ, ਬਸ ਚਮੜੀ ਸਾਫ ਰੱਖਣ, ਧੁੱਪ ਤੋਂ ਬਚਾਉਣ ਅਤੇ ਮੋਈਸ਼ਚਰ ਲਗਾਉਣ। ਵਾਰ ਵਾਰ ਕਲੀਨਜ਼ਰ ਬਦਲਦੇ ਰਹੋ। ਸੈਲੀਸਿਲਕ ਅਤੇ ਡ੍ਰਾਈ ਕਲੀਨਜ਼ਰ ਦੀ ਬਜਾਏ ਮੋਈਸ਼ਚਰ ਕਲੀਨਜ਼ਰ ਦਾ ਇਸਤੇਮਾਲ ਕਰੋ। ਸਿਹਤਮੰਦ ਭੋਜਨ ਖਾਓ, ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਓ, ਚਿੰਤਾ ਮੁਕਤ ਰਹੋ, ਵਾਰ ਵਾਰ ਪਾਣੀ ਪੀਂਦੇ ਰਹੋ।
ਆਯੂਰਵੇਦ ਅਨੁਸਾਰ ਇੰਝ ਕਰੋ ਚਮੜੀ ਦੀ ਦੇਖਭਾਲ: ਨੈਸ਼ਨਲ ਆਯੂਸ਼ ਮਿਸ਼ਨ ਚੰਡੀਗੜ੍ਹ ਦੇ ਨੋਡਲ ਅਫ਼ਸਰ ਡਾ. ਰਾਜੀਵ ਕਪਿਲਾ ਦਾ ਕਹਿਣਾ ਹੈ ਕਿ ਸਰਦੀਆਂ ਚਮੜੀ ਦੀ ਸਭ ਤੋਂ ਜ਼ਿਆਦਾ ਸਮੱਸਿਆ ਹੁੰਦੀ ਹੈ ਕਿ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਪੂਰੇ ਸਰੀਰ ਤੇ ਤੇਲ ਦਾ ਇਸਤੇਮਾਲ ਕਰੋ। ਹਫ਼ਤੇ ਵਿੱਚ ਇਕ ਦਿਨ ਸਰੀਰ ਉੱਤੇ ਤੇਲ ਲਗਾਇਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਧੁੱਪ ਵਿਚ ਬੈਠੋ। ਇਸ ਤੋਂ ਇਲਾਵਾ ਚਮੜੀ ਤੋਂ ਖੁਸ਼ਕੀ ਦੂਰ ਕਰਨ ਲਈ ਨਿੰਮ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਨਿੰਮ ਦੇ ਪਾਣੀ ਦਾ ਇਸਤੇਮਾਲ ਨਹਾਉਣ ਲਈ ਕੀਤਾ ਜਾ ਸਕਦਾ ਹੈ। ਸਰੋਂ ਦੇ ਤੇਲ ਦੀ ਮਾਲਿਸ਼ ਵੀ ਚਮੜੀ ਲਈ ਫਾਇਦੇਮੰਦ ਹੁੰਦੀ ਹੈ।
ਡਾ. ਰਾਜੀਵ ਕਪਿਲਾ ਨੇ ਦੱਸਿਆ ਕਿ ਵਾਲਾਂ ਸਰਦੀ ਦੇ ਪ੍ਰਕੋਪ ਤੋਂ ਬਚਾਉਣ ਲਈ ਬ੍ਰਿੰਗਰਾਜ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਜ਼ਿਆਦਾ ਤੋਂ ਜ਼ਿਆਦਾ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ। ਇਸ ਦੇ ਨਾਲ ਵਾਲ ਝੜਨ ਅਤੇ ਰੁੱਖੇ ਹੋਣ ਤੋਂ ਬਚੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹੇਅਰ ਡ੍ਰਾਇਰ ਅਤੇ ਹੇਅਰ ਸਟਰੇਟਨਿੰਗ ਦੀ ਵਰਤੋਂ ਘੱਟ ਹੀ ਕਰੋ। ਇਹ ਵਾਲਾਂ ਨੂੰ ਸਿੱਧਾ ਨੁਕਸਾਨ ਪਹੁੰਚਾਉਂਦੇ ਹਨ।
ਡਾ. ਕਪਿਲਾ ਨੇ ਦੱਸਿਆ ਸਰਦੀਆਂ ਵਿਚ ਚਿਹਰੇ ਦੀ ਰੌਣਕ ਬਰਕਰਾਰ ਰੱਖਣ ਲਈ ਆਯੂਰਵੇਦਿਕ ਜੜੀ ਬੂਟੀਆਂ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਨਿੰਮ ਚਮੜੀ ਲਈ ਸਭ ਤੋਂ ਗੁਣਕਾਰੀ ਹੈ। ਨਿੰਮ ਦੇ ਪਾਣੀ ਨਾਲ ਨਹਾਉਣ ਤੋਂ ਇਲਾਵਾ ਨਿੰਮ ਦੀਆਂ 3- 4 ਪੱਤੀਆਂ ਚਬਾ ਕੇ ਖਾਧੀਆਂ ਜਾ ਸਕਦੀਆਂ ਹਨ।
ਸਰਦੀਆਂ ਵਿੱਚ ਵਾਲਾਂ ਨੂੰ ਸਿਕਰੀ ਤੋਂ ਬਚਾਉਣ ਲਈ ਸ਼ੀਕਾਕਾਈ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸ਼ੀਕਾਕਾਈ ਦਾ ਸਾਬਣ ਅਤੇ ਸ਼ੈਂਪੂ ਵੀ ਬਜ਼ਾਰਾਂ ਵਿੱਚ ਉਪਲਬਧ ਹਨ। ਵਾਲਾਂ ਲਈ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਹੈ।
ਇਹ ਵੀ ਪੜ੍ਹੋ: Air Pollution in Winter: 3 ਤੋਂ 5 ਦਿਨਾਂ 'ਚ ਠੀਕ ਹੋਣ ਵਾਲਾ ਬੁਖ਼ਾਰ-ਜ਼ੁਕਾਮ, ਇਸ ਕਾਰਨ ਨਹੀਂ ਹੋ ਰਿਹਾ ਜਲਦੀ ਠੀਕ