ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇਲੰਗਾਨਾ ਦੌਰੇ ਦੌਰਾਨ ਧਰਤੀ ਹੇਠਲੇ ਪਾਣੀ ਨੂੰ ਲਈ ਤੇਲੰਗਾਨਾ ਜਲ ਸੰਭਾਲ ਮਾਡਲ ਦਾ ਜਾਇਜ਼ਾ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਡਲ ਨੂੰ ਕ੍ਰਾਂਤੀਕਾਰੀ ਕਰਾਰ ਦਿੱਤਾ ਅਤੇ ਅਜਿਹਾ ਹੀ ਮਾਡਲ ਪੰਜਾਬ ਵਿਚ ਵੀ ਲਾਗੂ ਕਰਨ ਦਾ ਐਲਾਨ ਕੀਤਾ। ਜਿਸਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ ਇਹ ਮਾਡਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬੇਹੱਦ ਫਾਇਦੇਮੰਦ ਹੈ। ਪੰਜਾਬ ਵਿਚ ਇਸ ਤਰ੍ਹਾਂ ਦਾ ਮਾਡਲ ਕਿਵੇਂ ਸਾਰਥਕ ਹੋਵੇਗਾ ਅਤੇ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਿਵੇਂ ਹੋਵੇਗੀ। ਇਸ ਬਾਰੇ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ।
ਪੰਜਾਬ ਦੇ ਕੰਢੀ ਖੇਤਰਾਂ ਲਈ ਇਹ ਮਾਡਲ ਲਾਹੇਵੰਦ:- ਇਸ ਦੌਰਾਨ ਹੀ ਗੱਲਬਾਤ ਕਰਦਿਆ ਪੰਜਾਬ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਦੇ ਹੈਡ ਡਾ. ਰਾਕੇਸ਼ ਸ਼ਾਰਦਾ ਕਹਿਣਾ ਹੈ ਕਿ ਪੰਜਾਬ ਵਿਚ ਕੰਢੀ ਖੇਤਰਾਂ ਲਈ ਇਹ ਮਾਡਲ ਬੇਹੱਦ ਲਾਹੇਵੰਦ ਹੋਵੇਗਾ। ਕੰਢੀ ਖੇਤਰ ਨੀਮ ਪਹਾੜੀ ਖੇਤਰਾਂ ਨੂੰ ਕਿਹਾ ਜਾਂਦਾ ਹੈ, ਇਸ ਮਾਡਲ ਰਾਹੀਂ ਨਹਿਰਾਂ ਅਤੇ ਬਰਸਾਤੀ ਪਾਣੀ ਨੂੰ ਸਟੋਰ ਕਰਕੇ ਪਾਣੀ ਬਚਾਇਆ ਜਾ ਸਕਦਾ ਹੈ। ਆਨੰਦਪੁਰ ਸਾਹਿਬ, ਪਠਾਨਕੋਟ, ਨੰਗਲ ਅਤੇ ਹੁਸ਼ਿਆਰਪੁਰ ਦੇ ਕਈ ਖੇਤਰਾਂ ਲਈ ਇਹ ਮਾਡਲ ਫਾਇਦੇਮੰਦ ਹੋਵੇਗਾ।
ਬਰਸਾਤੀ ਪਾਣੀ ਸਾਂਭ ਸੰਭਾਲ ਕੇ ਪਾਣੀ ਦੀ ਬੱਚਤ:- ਇਸ ਦੌਰਾਨ ਹੀ ਪਾਣੀ ਦੇ ਮਸਲੇ 'ਤੇ ਕਈ ਆਰਟੀਕਲ ਲਿਖਣ ਵਾਲੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਬਰਸਾਤੀ ਪਾਣੀ ਨੂੰ ਸਾਂਭ ਸੰਭਾਲ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਪਹਿਲਾਂ ਪਿੰਡਾਂ ਵਿਚ ਛੱਪੜ ਹੁੰਦੇ ਸਨ, ਉਹਨਾਂ ਨੂੰ ਜ਼ਮੀਨ ਦੇ ਚੱਕਰਾਂ ਵਿਚ ਖ਼ਤਮ ਕਰ ਦਿੱਤਾ ਗਿਆ। ਕਿਉਂਕਿ ਛੱਪੜ ਪਾਣੀ ਸਟੋਰ ਕਰਨ ਦਾ ਚੰਗਾ ਸਾਧਨ ਹੁੰਦਾ ਸੀ। ਕਿਉਂਕਿ ਛੱਪੜਾਂ ਰਾਹੀਂ ਪਾਣੀ ਸਿੰਮ-ਸਿੰਮ ਕੇ ਧਰਤੀ ਵਿਚ ਚਲਾ ਜਾਂਦਾ ਸੀ। ਇਸ ਲਈ ਇਹ ਮਾਡਲ ਵੀ ਇਸੇ ਤਰ੍ਹਾਂ ਕੰਮ ਕਰੇਗਾ, ਜੋ ਪਾਣੀ ਨੂੰ ਰੀਸਟੋਰ ਕਰਕੇ ਰੀਸਾਈਕਲ ਕਰਨ ਦਾ ਕੰਮ ਕਰੇਗਾ।
ਤੇਲੰਗਾਨਾ ਜਲ ਸੰਭਾਲ ਮਾਡਲ ਕੀ ਹੈ ? ਜਾਣਕਾਰੀ ਅਨੁਸਾਰ ਦੱਸ ਦਈਏ ਕਿ ਤੇਲੰਗਾਨਾ ਦੇ ਜਲ ਸੰਭਾਲ ਮਾਡਲ ਵਿਚ ਪਾਣੀ ਨੂੰ ਸੰਭਾਲ ਕੇ ਰੱਖਣ ਅਤੇ ਰੀਸਟੋਰ ਕਰਨ ਵਿਚ ਸਹਾਈ ਹੁੰਦਾ ਹੈ। ਪੰਜਾਬ ਵਿਚ ਜਿਸ ਤਰ੍ਹਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ, ਉਸ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਕਿ ਪੰਜਾਬ ਵਿਚ ਵੀ ਅਜਿਹਾ ਮਾਡਲ ਲਾਗੂ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਤੇਲੰਗਾਨਾ ਰਾਜ ਵਿੱਚ ਇਸ ਮਾਡਲ ਰਾਹੀਂ ਪਿੰਡਾਂ ਵਿਚ ਪਾਣੀ ਦੋ-ਦੋ ਮੀਟਰ ਤੱਕ ਉੱਚਾ ਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਤਕਨੀਕਾਂ ਰਾਹੀ ਮਾਈਨਰ ਸਿੰਜਾਈ ਟੈਕਾਂ ਦੀ ਬਹਾਲੀ, ਵੱਡੇ ਅਤੇ ਦਰਿਮਆਨੇ ਪ੍ਰੋਜੈਕਟਾਂ ਨੂੰ MI ਟੈਕਾਂ ਨਾਲ ਜੋੜਨਾ ਤੇ ਮਸਨੂਈ ਰੀਚਾਰਜ ਢਾਂਚੇ ਜਿਵੇਂ ਰੀਚਾਰਜ ਸਾਫ਼ਟ, ਪਰਕੋਲੇਸ਼ਨ ਟੈਂਕ, ਚੈੱਕ ਡੈਮ ਅਤੇ ਹੋਰ ਤਰੀਕਿਆਂ ਦੇ ਨਿਰਮਾਣ ਸ਼ਾਮਲ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਖੁਸ਼ਹਾਲੀ ਅਤੇ ਭਲਾਈ ਲਈ ਧਰਤੀ ਵਿਚਲੇ ਪਾਣੀ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਤੇਲੰਗਾਨਾ ਰਾਜ ਦੇ ਮਾਹਿਰਾਂ ਦੀ ਸਲਾਹ ਨਾਲ ਇਸ ਵਿਧੀ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।