ਚੰਡੀਗੜ੍ਹ : ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਹੋਰ ਤੀਬਰ ਢੰਗ ਨਾਲ ਉਤਸ਼ਾਹਿਤ ਕਰਨ ਲਈ ਵਿਭਾਗ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਉਂਦਿਆਂ 111 ਬਾਗ਼ਬਾਨੀ ਵਿਕਾਸ ਅਫ਼ਸਰਾਂ ਸਮੇਤ ਕੁੱਲ 336 ਵੱਖ-ਵੱਖ ਆਸਾਮੀਆਂ 'ਤੇ ਛੇਤੀ ਭਰਤੀ ਕੀਤੀ ਜਾਵੇਗੀ।
ਫ਼ਸਲੀ ਵਿਭਿੰਨਤਾ ਦੀ ਵਿਉਂਤਬੰਦੀ : ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਅਤੇ ਕਿਸਾਨਾਂ ਲਈ ਫ਼ਸਲੀ ਵਿਭਿੰਨਤਾ ਦੀ ਵਿਉਂਤਬੰਦੀ ਕਰਨ ਸਬੰਧੀ ਵਿਸਥਾਰਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿੱਤ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਤੁਰੰਤ ਕੇਸ ਬਣਾ ਕੇ ਭੇਜਣ।
ਚੌਕੀਦਾਰਾਂ ਦੀਆਂ 8 ਆਸਾਮੀਆਂ ਖ਼ਾਲੀ : ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਬਾਗ਼ਬਾਨੀ ਵਿਕਾਸ ਅਫ਼ਸਰਾਂ ਦੀਆਂ 111, ਬੇਲਦਾਰਾਂ/ਮਾਲੀਆਂ ਦੀਆਂ 217 ਅਤੇ ਚੌਕੀਦਾਰਾਂ ਦੀਆਂ 8 ਆਸਾਮੀਆਂ ਖ਼ਾਲੀ ਹਨ, ਜਿਨ੍ਹਾਂ ਨੂੰ ਭਰਨ ਨਾਲ ਜਿੱਥੇ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚਲ ਸਕੇਗਾ, ਉਥੇ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਜਾਗਰੂਕਤਾ ਮੁਹਿੰਮ ਵਧੀਆ ਢੰਗ ਨਾਲ ਚਲਾਈ ਜਾ ਸਕੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਤੋਂ ਇਲਾਵਾ ਹੋਰ ਤਕਨੀਕੀ ਸਟਾਫ਼ ਜਿਵੇਂ ਹਾਰਟੀਕਲਚਰ ਟੈਕਨੀਕਲ ਅਸਿਸਟੈਂਟ, ਸਬ-ਇੰਸਪੈਕਟਰ, ਕਲਰਕ ਅਤੇ ਟਾਟਾ ਐਂਟਰੀ ਆਪ੍ਰੇਟਰਾਂ ਦੀ ਪੈਸਕੋ ਰਾਹੀਂ ਭਰਤੀ ਕਰਨ ਸਬੰਧੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾਵੇ।
ਲੋੜੀਂਦੇ ਉਪਕਰਣ ਬਣਾਏ ਜਾਣ ਯਕੀਨੀ : ਵਿਭਾਗ ਵਿੱਚ ਜੁਆਇੰਟ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਸਹਾਇਕ ਡਾਇਰੈਕਟਰ ਦੀਆਂ ਤਰੱਕੀਆਂ ਸਬੰਧੀ ਕਾਰਵਾਈ ਤੇਜ਼ ਕਰਨ ਦੀ ਹਦਾਇਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਭਾਗ ਦੀਆਂ ਹੋਰਨਾਂ ਆਸਾਮੀਆਂ ਦੇ ਸੇਵਾ ਨਿਯਮਾਂ ਦੀ ਸਮਾਂਬੱਧ ਤਰੀਕੇ ਨਾਲ ਰੀ-ਸਟ੍ਰਕਚਰਿੰਗ ਯਕੀਨੀ ਬਣਾਈ ਜਾਵੇ ਅਤੇ ਸੂਬੇ ਭਰ ਵਿੱਚ ਜਿਥੇ ਬਾਗ਼ਬਾਨੀ ਦੇ ਦਫ਼ਤਰ ਨਹੀਂ ਹਨ, ਉਥੇ ਬਣਾਏ ਜਾਣ ਅਤੇ ਖ਼ਸਤਾ ਹਾਲ ਦਫ਼ਤਰਾਂ ਨੂੰ ਨਵਿਆਉਣ ਸਣੇ ਸਾਰੇ ਬਲਾਕ/ਤਹਿਸੀਲ ਪੱਧਰ ਦੇ ਦਫ਼ਤਰਾਂ ਵਿੱਚ ਲੋੜੀਂਦੇ ਉਪਕਰਣ ਯਕੀਨੀ ਬਣਾਏ ਜਾਣ।
ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਆਨਲਾਈਨ ਸੇਵਾਵਾਂ ਅਪਨਾਉਣ ਲਈ ਕੈਬਨਿਟ ਮੰਤਰੀ ਨੇ ਈ-ਬਾਗ਼ਬਾਨੀ ਮੋਬਾਈਲ ਐਪ ਅਤੇ ਬਾਗ਼ਬਾਨੀ ਨੂੰ ਪ੍ਰਫੁਲਿਤ ਕਰਨ ਲਈ ਸੁਝਾਅ ਮੰਗਣ ਵਾਸਤੇ ਮੋਬਾਈਲ ਹੈਲਪਲਾਈਨ ਨੰਬਰ ਲਾਂਚ ਕਰਨ ਸਬੰਧੀ ਪ੍ਰਕਿਰਿਆ ਵੀ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਸੂਚਨਾ ਤਕਨਾਲੌਜੀ ਸਬੰਧੀ ਜਾਣਕਾਰੀ ਅਤੇ ਸਹੂਲਤੀਅਤ ਵਾਸਤੇ ਉਪਰਾਲੇ ਕੀਤੇ ਜਾਣ ਤਾਂ ਜੋ ਵਿਭਾਗ ਨਵੀਨਤਮ ਕੰਪਿਊਟਰ ਆਧਾਰਤ ਤਕਨਾਲੌਜੀ ਵਿੱਚ ਅੱਗੇ ਵਧ ਸਕੇ।
- HC grants interim relief to Chahal: ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਭਰਤ ਇੰਦਰ ਚਾਹਲ ਨੂੰ ਹਾਈਕੋਰਟ ਤੋਂ ਮਿਲੀ ਅੰਤਰਿਮ ਰਾਹਤ, 2 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ
- Shaheed Lance Naik Jasveer Singh of Barnala: ਬਰਨਾਲਾ ਦੇ ਸ਼ਹੀਦ ਫੌਜੀ ਪਰਿਵਾਰ ਲਈ ਸੂਬਾ ਸਰਕਾਰ ਤੋਂ ਮੁਆਵਜ਼ਾ ਤੇ ਨੌਕਰੀ ਮੰਗੀ
- Governor Banwari Lal Purohit reached Khanna: ਖੰਨਾ ਪਹੁੰਚੇ ਰਾਜਪਾਲ ਨੇ ਆਪਣੀ ਨਿੱਜੀ ਜਿੰਦਗੀ ਦੇ ਕਿੱਸੇ ਕੀਤੇ ਸਾਂਝਾ, ਜੈਨ ਧਰਮ ਦੇ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਜਿੱਥੇ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰੀ ਨਰਸਰੀਆਂ 'ਚ ਤਿਆਰ ਕੀਤੇ ਬੂਟਿਆਂ, ਖ਼ਰਚ ਅਤੇ ਆਮਦਨ ਦਾ ਜਾਇਜ਼ਾ ਲਿਆ, ਉਥੇ ਅਧਿਕਾਰੀਆਂ ਨੂੰ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਵਾਸਤੇ ਫ਼ਾਇਦੇਮੰਦ ਕੇਂਦਰੀ ਸਹਾਇਤਾ ਪ੍ਰਾਪਤ ਸਕੀਮਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਸੂਬੇ ਵਿੱਚ ਲਾਗੂ ਕਰਨ ਸਬੰਧੀ ਵਿਉਂਤਬੰਦੀ ਉਲੀਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਵਿਕਾਸ ਸੈਂਟਰ/ਇਨਕਿਊਬੇਸ਼ਨ ਸੈਂਟਰ ਅਤੇ ਸਬ-ਸੈਂਟਰ ਬਣਾਉਣ ਨਾਲ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ, ਇਸ ਲਈ ਇਸ ਖੇਤਰ ਵਾਸਤੇ ਵੀ ਸਕੀਮਾਂ ਤਿਆਰ ਕੀਤੀਆਂ ਜਾਣ। (ਪ੍ਰੈੱਸ ਨੋਟ)