ਚੰਡੀਗੜ੍ਹ: ਪਟਿਆਲਾ ਦੇ ਸ਼ੰਭੂ ਬਲਾਕ ਦੇ 5 ਪਿੰਡਾਂ ਦੇ ਪੰਚਾਇਤੀ ਜ਼ਮੀਨ ਘੁਟਾਲੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਦਨਲਾਲ ਜਲਾਲਪੁਰ ਨੂੰ ਵੱਡੀ ਰਾਹਤ ਦਿੰਦਿਆਂ ਹਾਈਕੋਰਟ ਨੇ ਅੱਜ ਇਸ ਮਾਮਲੇ ਵਿੱਚ ਅਗਲੇ ਹੁਕਮਾਂ ਤੱਕ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਪਿਛਲੇ ਸਾਲ ਮਈ ਵਿੱਚ ਪੀਸੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ਵਿੱਚ ਮਦਨਲਾਲ ਜਲਾਲਪੁਰ ਨੇ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਮਾਮਲੇ ਵਿੱਚ ਅਗਲੇ ਹੁਕਮਾਂ ਤੱਕ ਅੰਤਰਿਮ ਜ਼ਮਾਨਤ ਦਿੰਦਿਆਂ ਹਾਈ ਕੋਰਟ ਨੇ ਅੱਜ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਹਨ।
ਕੀ ਸੀ ਮਾਮਲਾ: ਅਗਸਤ 2022 ਵਿੱਚ ਘਨੌਰ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਮਦਨਲਾਲ ਜਲਾਸਪੁਰ ਵੀ ਵਿਜੀਲੈਂਸ ਦੇ ਰਾਡਾਰ 'ਤੇ ਆ ਗਏ ਸਨ। ਹਰਜੀਤ ਕੌਰ 'ਤੇ ਵਿਕਾਸ ਕਾਰਜਾਂ ਦੇ ਨਾਂ ਉੱਤੇ 12.24 ਕਰੋੜ ਰੁਪਏ ਦੇ ਪੰਚਾਇਤੀ ਫੰਡਾਂ ਨੂੰ ਗਬਨ ਕਰਨ ਦਾ ਇਲਜ਼ਾਮ ਲੱਗਿਆ ਸੀ। ਪੰਜਾਬ ਵਿਜੀਲੈਂਸ ਨੇ ਮਈ 2022 ਨੂੰ ਪੰਚਾਇਤ ਫੰਡਾਂ ਦੀ ਦੁਰਵਰਤੋਂ ਦੀ ਜਾਂਚ ਲਈ ਪਟਿਆਲਾ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਸੀ। ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ , ''ਇਸ ਮਾਮਲੇ 'ਚ ਕਈ ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਦੀ ਭੂਮਿਕਾ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਵੱਡੇ ਪੈਸਿਆਂ ਦਾ ਆਪਸ 'ਚ ਲੈਣ-ਦੇਣ ਹੋਇਆ ਹੈ। ਅਧਿਕਾਰੀ ਨੇ ਅੱਗੇ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਸਬੰਧੀ ਸ਼ੰਭੂ ਬਲਾਕ ਘਨੌਰ ਦੇ ਪੰਜ ਪਿੰਡਾਂ ਪਾਬੜਾ, ਤਖਤੂ ਮਾਜਰਾ, ਸੇਹਰਾ ,ਸੇਹੜੀ ਅਤੇ ਆਕੜੀ ਨੂੰ ਕਰੀਬ 285 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਰਕਮ ਵਿੱਚੋਂ 51 ਕਰੋੜ ਰੁਪਏ ਆਕੜੀ ਪਿੰਡ ਦੀ ਪੰਚਾਇਤ ਨੂੰ 183 ਏਕੜ 12 ਮਰਲੇ ਜ਼ਮੀਨ ਐਕੁਆਇਰ ਕਰਨ ਲਈ ਪ੍ਰਾਪਤ ਹੋਏ ਸਨ। ਵਿਕਾਸ ਕਾਰਜਾਂ ਦੇ ਨਰੀਖਣ ਦੌਰਾਨ ਪਿੰਡ ਦੇ ਛੱਪੜ, ਕਮਿਊਨਿਟੀ ਸੈਂਟਰ, ਸ਼ਮਸ਼ਾਨਘਾਟ ਅਤੇ ਪੰਚਾਇਤ ਘਰ ਦੀ ਉਸਾਰੀ ਲਈ ਗ੍ਰਾਮ ਪੰਚਾਇਤ ਦੇ ਜਾਅਲੀ ਮਤਿਆਂ ਰਾਹੀਂ ਵੱਡੀ ਮਾਤਰਾ ਵਿੱਚ ਫੰਡ ਪਾਸ ਕੀਤੇ ਗਏ। ਇਹ ਦਿਖਾਉਣ ਲਈ ਕਿ ਕੰਮ ਕੀਤੇ ਗਏ ਸਨ, ਉਸ ਨੇ ਫਰਮਾਂ ਨੂੰ ਚੈੱਕਾਂ ਰਾਹੀਂ ਭੁਗਤਾਨ ਜਾਰੀ ਕੀਤਾ,। ਇਸ ਤੋਂ ਬਾਅਦ ਪੰਜ ਪਿੰਡਾਂ ਦੀ ਪੰਚਾਇਤੀ ਜ਼ਮੀਨ ਘੁਟਾਲੇ ਵਿੱਚ ਮਦਨਲਾਲ ਜਲਾਲਪੁਰ ਦਾ ਨਾਂਅ ਸਾਹਮਣੇ ਆਇਆ ਅਤੇ ਵਿਜੀਲੈਂਸ ਨੇ ਹੋਰ ਸਖ਼ਤੀ ਕਰ ਦਿੱਤੀ।
ਲਗਾਤਾਰ ਹੋਈ ਸੀ ਛਾਪੇਮਾਰੀ: ਇਸ ਤੋਂ ਬਾਅਦ ਵੀ ਜਨਵਰੀ 2023 ਵਿੱਚ ਪੰਜਾਬ ਵਿਜੀਲੈਂਸ ਦੀ ਰਡਾਰ ਉੱਤੇ ਸਾਬਕਾ ਕਾਂਗਰਸੀ ਵਿਧਾਇਕ ਆਏ ਸਨ। ਵਿਜੀਲੈਂਸ ਬਿਓਰੋ ਨੇ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਬਹੁ-ਕਰੋੜੀ ਪੰਚਾਇਤੀ ਫੰਡ ਘੁਟਾਲੇ ਵਿੱਚ ਰਾਡਾਰ ਉੱਤੇ ਲੈਂਦਿਆਂ ਹੋਇਆ ਉਨ੍ਹਾਂ ਦੇ ਘਰ ਪਹੁੰਚ ਕੇ ਜਾਂਚ ਕੀਤੀ ਸੀ। ਸੂਤਰਾਂ ਮੁਤਾਬਿਕ ਉਸ ਸਮੇਂ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਵਿਜੀਲੈਂਸ ਟੀਮ ਨੇ ਸਾਬਕਾ ਵਿਧਾਇਕ ਦੇ ਜਲਾਲਪੁਰ ਸਥਿਤ ਘਰ ਦਾ ਦੌਰਾ ਕੀਤਾ ਅਤੇ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਉੱਥੇ ਰਹੇ ਸਨ। ਟੀਮ ਜਾਇਦਾਦ ਦੀ ਕੀਮਤ ਦਾ ਪਤਾ ਲਗਾ ਰਹੀ ਸੀ ਕਿਉਂਕਿ ਜਲਾਲਪੁਰ ਨੇ ਪਿਛਲੀ ਸਰਕਾਰ ਵਿੱਚ ਵਿਧਾਇਕ ਹੁੰਦਿਆਂ ਕਥਿਤ ਤੌਰ 'ਤੇ ਨਾਜਾਇਜ਼ ਤਰੀਕਿਆਂ ਨਾਲ ਜਾਇਦਾਦ ਇਕੱਠੀ ਕੀਤੀ ਸੀ।
ਇਹ ਵੀ ਪੜ੍ਹੋ: Jathedar Twitter Account Ban: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਬੈਨ