ਚੰਡੀਗੜ੍ਹ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ। ਦਵਾਈ ਦੀ ਪਹਿਲੀ ਖ਼ੁਰਾਕ ਲੈਣ ਮਗਰੋਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਬਿਲਕੁਲ ਤੰਦਰੁਸਤ ਮਹਿਸੂਸ ਕਰ ਰਹੇ ਹਨ ਅਤੇ ਹਰ ਕਿਸੇ ਨੂੰ ਅਫ਼ਵਾਹਾਂ ਵਲ ਧਿਆਨ ਦਿਤੇ ਬਿਨਾਂ ਕੋਵਿਡ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਵਿਡ ਟੀਕਾਕਰਨ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਮਾਹਰ ਡਾਕਟਰਾਂ ਦੀ ਦੇਖ-ਰੇਖ ਹੇਠ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ।
ਇਹ ਵੀ ਪੜੋ: ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜਨ ਦੇ ਯੋਗ ਬਣਾਵਾਂਗੇ: ਕੈਪਟਨ
ਸਿਹਤ ਮੰਤਰੀ ਨੇ ਆਖਿਆ ਕਿ ‘ਕੋਰੋਨਾ ਵਾਇਰਸ’ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਹੈਲਥਕੇਅਰ ਵਰਕਰਾਂ ਅਤੇ ਫ਼ਰੰਟ ਲਾਈਨ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਮਿਹਨਤ ਕਰਦਿਆਂ ਕੋਵਿਡ ਮਹਾਂਮਾਰੀ ਨੂੰ ਕੰਟਰੋਲ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਭਾਵੇਂ ਇਸ ਬੀਮਾਰੀ ਦਾ ਟੀਕਾ ਤਿਆਰ ਹੋ ਗਿਆ ਅਤੇ ਦੁਨੀਆਂ ਭਰ ਵਿਚ ਲਗਾਇਆ ਜਾ ਰਿਹਾ ਹੈ, ਫਿਰ ਵੀ ਲੋਕਾਂ ਨੂੰ ਇਸ ਬੀਮਾਰੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਸਿਹਤ ਮੰਤਰੀ ਨੇ ਇਸ ਮਹਾਂਮਾਰੀ ਨੂੰ ਕਾਬੂ ਪਾਉਣ ਵਿਚ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ।
ਇਹ ਵੀ ਪੜੋ: ਫ਼ਾਜ਼ਿਲਕਾ 'ਚ ਕਿਸੇ ਵੀ ਸਿਆਸੀ ਲੀਡਰ ਦੀ ਨਹੀਂ ਲੱਗਣ ਦੇਵਾਂਗੇ ਸ਼ਰਾਬ ਫੈਕਟਰੀ: ਦਵਿੰਦਰ ਸਿੰਘ ਘੁਬਾਇਆ
ਇਸ ਦੌਰਾਨ ਹੀ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੇ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਵੀ ਲਈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ 60 ਸਾਲ ਤੋਂ ਉਪਰ ਦੀ ਉਮਰ ਵਾਲੇ ਸਾਰੇ ਸੀਨੀਅਰ ਨਾਗਰਿਕ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਵੱਧ ਦੀ ਉਮਰ ਦੇ ਨਾਗਰਿਕ ਆਪਣਾ ਟੀਕਾਕਰਨ ਜਲਦ ਕਰਵਾਉਣ।