ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਖਰੇ ਸਿੱਖ ਰਾਜ ਸਬੰਧੀ ਬਿਆਨ ਦਿੱਤਾ ਗਿਆ, ਜਿਸ ਦਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂਸਪੱਸ਼ਟ ਸ਼ਬਦਾਂ 'ਚ ਵਿਰੋਧ ਕੀਤਾ ਗਿਆ। ਉਨ੍ਹਾਂ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਸਪਸ਼ਟੀਕਰਨ ਮੰਗਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਪੰਜਾਬ ਦਾ ਕੋਈ ਵਰਗ ਵੱਖਰੇ ਸਿੱਖ ਰਾਜ ਦੀ ਮੰਗ ਦਾ ਕਦੇ ਵੀ ਸਮਰਥਨ ਨਹੀਂ ਕਰਦਾ। ਅਜਿਹੀ ਮੰਗਾਂ ਅਤੇ ਭੜਕੀਲੀਆਂ ਬਿਆਨ ਬਾਜ਼ੀਆਂ ਨੇ ਪੰਜਾਬ 'ਚ 20 ਸਾਲ ਅੱਗ ਲਾਈ ਰੱਖੀ। ਜਿਸ ਦੌਰਾਨ ਕਰੀਬ 40 ਹਜ਼ਾਰ ਲੋਕਾਂ ਦੀ ਜਾਨ ਗਈ ਅਤੇ ਪੰਜਾਬ ਅੱਜ ਤੱਕ ਤਾਬੇ ਨਹੀਂ ਆਇਆ।
ਅਮਨ ਅਰੋੜਾ ਨੇ ਕਿਹਾ ਕਿ ਅਸੀਂ ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬਾਨ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰੰਤੂ ਅਸੀਂ ਅਜਿਹੀਆਂ ਬੇਲੋੜੀਆਂ ਅਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਨਾਲ ਬਿਲਕੁਲ ਵੀ ਸਹਿਮਤੀ ਨਹੀਂ ਰੱਖਦੇ।
ਵਿਧਾਇਕ ਅਰੋੜਾ ਕਿਹਾ ਕਿ ਜਥੇਦਾਰ ਸਾਹਿਬਾਨ ਇਹ ਦੱਸਣ ਕਿ ਉਨ੍ਹਾਂ ਵੱਲੋਂ ਵੱਖਰੇ ਸਿੱਖ ਰਾਜ ਸੰਬੰਧੀ ਦਿੱਤਾ ਗਿਆ ਬਿਆਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਦਿੱਤਾ ਹੈ?'
ਅਮਨ ਅਰੋੜਾ ਨੇ ਸਿੰਘ ਸਾਹਿਬਾਨ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਿਸ ਦੇਸ਼ 'ਚ ਸਿੱਖਾਂ ਦੀ ਦੁਰਦਸ਼ਾ ਦੀ ਗੱਲ ਕੀਤੀ ਹੈ, ਉਸ ਦੀ ਕੇਂਦਰ ਸਰਕਾਰ 'ਚ ਬਾਦਲ ਹਿੱਸੇਦਾਰ ਹਨ।
ਅਮਨ ਅਰੋੜਾ ਨੇ ਨਾਲ ਹੀ ਕਿਹਾ ਕਿ ਸਿਰਫ਼ ਸਿੱਖ ਸੰਗਤ ਹੀ ਨਹੀਂ ਸਾਰੇ ਵਰਗਾਂ ਦੇ ਲੋਕਾਂ ਦੀ ਦੁਰਦਸ਼ਾ ਹੈ ਅਤੇ ਇਸ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਇੱਕ ਦੂਜੇ ਤੋਂ ਵੱਧ ਕੇ ਜ਼ਿੰਮੇਵਾਰ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਦੇ ਰਾਜ 'ਚ ਹੋਈ, ਜਿਸ ਦਾ ਅਮਰਿੰਦਰ ਸਰਕਾਰ ਨੇ ਵੀ ਇਨਸਾਫ਼ ਨਹੀਂ ਦਿੱਤਾ।