ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਬਾਦਲ ਨੇ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਦੀ ਯੋਜਨਾ 'ਚ ਸੋਧ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਸਿੱਧਾ ਲਿੰਕ ਸਥਾਪਿਤ ਕਰਨ ਅਤੇ ਪੰਜ ਪ੍ਰਮੁੱਖ ਸਿੱਖ ਗੁਰਧਾਮਾਂ ਨੂੰ ਜੋੜਨ ਲਈ ਨਵਾਂ ਸਿੱਖ ਸਰਕਟ ਤਿਆਰ ਕਰਨ ਦੀ ਮੰਗ ਪ੍ਰਵਾਨ ਕਰ ਲਈ।
ਇਸ ਫੈਸਲੇ ਨੂੰ ਅੰਮ੍ਰਿਤਸਰ ਦੇ ਵਸਨੀਕਾਂ ਤੇ ਸਮੁੱਚ ਸਿੱਖ ਜਗਤ ਲਈ ਇਤਿਹਾਸਕ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਨੇ ਕਿਹਾ ਅਜਿਹਾ ਹੋਣ ਨਾਂਲ ਅੰਮ੍ਰਿਤਸਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਤੇ ਅਜਿਹਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਤਿਆਰ ਕੀਤੀ ਗਈ ਅਸਲ ਯੋਜਨਾ ਅਨੁਸਾਰ ਹੋਇਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਕਰਤਾਰਪੁਰ ਤੇ ਅੰਮ੍ਰਿਤਸਰ ਵਿਚਾਲੇ ਇੱਕ ਹੋਰ ਗ੍ਰੀਨਫੀਲਡ ਹਾਈਵੇ ਤਿਆਰ ਹੋਵੇਗਾ, ਜਿਸ ਨਾਲ ਪਵਿੱਤਰ ਸ਼ਹਿਰ ਤੇ ਦਿੱਲੀ ਵਿਚਾਲੇ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਹਾਈਵੇ ਦੀ ਜੋ ਯੋਜਨਾ ਸੌਂਪੀ ਸੀ, ਉਸ ਮੁਤਾਬਕ ਹਾਈਵੇ ਕਰਤਾਰਪੁਰ ਨੇੜੇ ਅੰਮ੍ਰਿਤਸਰ ਤੋਂ 60 ਕਿਲੋਮੀਟਰ ਪਹਿਲਾਂ ਹੀ ਮੁੜ ਜਾਣਾ ਸੀ ਤੇ ਕਰਤਾਰਪੁਰ ਤੋਂ ਅੰਮ੍ਰਿਤਸਰ ਤੱਕ ਕੌਮੀ ਰਾਜਮਾਰਗ ਨੰਬਰ 3 ਨੂੰ ਅਪਗਰੇਡ ਕਰਨ ਦੀ ਯੋਜਨਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੀ ਨਵੀਂ ਯੋਜਨਾ ਅਨੁਸਾਰ ਐਕਸਪ੍ਰੈਸਵੇਅ ਹੁਣ ਪੰਜ ਸਿੱਖ ਗੁਰਧਾਮਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਪਸ ਵਿਚ ਜੋੜੇਗਾ ਤੇ ਇਹ ਡੇਰਾ ਬਾਬਾ ਨਾਨਕ ਤੱਕ ਪੁੱਜੇਗਾ, ਜਿਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਮਿਲੇਗੀ।
ਇਹ ਵੀ ਪੜੋ: ਅਸਾਮ 'ਚ ਭੂ-ਖੋਰ ਦਾ ਕਹਿਰ, 3 ਜ਼ਿਲ੍ਹਿਆਂ 'ਚ 20 ਲੋਕਾਂ ਦੀ ਮੌਤ
ਇਸ ਦੌਰਾਨ ਬਾਦਲ ਨੇ ਕੇਂਦਰੀ ਹਾਈਵੇ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਨਕੋਦਰ ਅਤੇ ਅੰਮ੍ਰਿਤਸਰ ਵਿਚਾਲੇ ਹਾਈਵੇ ਦਾ ਨਾਂ ਗੁਰੂ ਸਾਹਿਬਾਨ ਦੇ ਨਾਂ 'ਤੇ ਰੱਖਿਆ ਜਾਵੇ। ਨਿਤਿਨ ਗਡਕਰੀ ਨੇ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦੁਆਇਆ।