ਚੰਡੀਗੜ੍ਹ: ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਿਸੇ ਵੀ ਢੰਗ-ਤਰੀਕੇ ਨਾਲ ਧਾਰਮਿਕ ਰੰਗਤ ਦਿੱਤੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਬਿਮਾਰੀ-ਮਹਾਂਮਾਰੀ ਦਾ ਕੋਈ ਧਰਮ ਨਹੀਂ ਹੁੰਦਾ। ਕਰਫ਼ਿਊ ਦੌਰਾਨ ਵੀ ਜੇਕਰ ਪੰਜਾਬ 'ਚ ਕੋਰੋਨਾ ਵਾਇਰਸ ਕਾਬੂ ਨਹੀਂ ਆ ਰਿਹਾ, ਇਸ ਲਈ ਸੰਬੰਧਿਤ ਸਰਕਾਰਾਂ ਸਿੱਧੇ ਰੂਪ 'ਚ ਜ਼ਿੰਮੇਵਾਰ ਹਨ।
ਪੰਜਾਬ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸੰਬੰਧਿਤ ਸਿਆਸੀ ਧਿਰਾਂ ਆਪਣੀਆਂ ਨਲਾਇਕੀਆਂ ਛੁਪਾਉਣ ਅਤੇ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਕੋਰੋਨਾ-ਵਾਇਰਸ ਦੇ ਪ੍ਰਕੋਪ ਨੂੰ ਫ਼ਿਰਕੂ ਰੰਗਤ ਦੇ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤਬਲੀਗ਼ੀ ਜਮਾਤ ਤੋਂ ਬਾਅਦ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸਿੱਖ ਸੰਗਤ ਬਾਰੇ ਜੋ ਗੈਰ-ਜ਼ਰੂਰੀ, ਗੈਰ-ਜ਼ਿੰਮੇਵਾਰਨਾ ਅਤੇ ਊਲ-ਜਲੂਲ ਟਿੱਪਣੀਆਂ ਹੋ ਰਹੀਆਂ ਹਨ, ਉਨ੍ਹਾਂ 'ਤੇ ਸਖ਼ਤੀ ਨਾਲ ਰੋਕ ਲੱਗਣੀ ਚਾਹੀਦੀ ਹੈ।
ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਲਈ ਕਿਸੇ ਧਰਮ ਜਾਂ ਧਾਰਮਿਕ ਸਥਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼ ਨਹੀਂ ਹੈ, ਇਸ ਤ੍ਰਾਸਦੀ ਲਈ ਉਹ ਸਰਕਾਰਾਂ ਜ਼ਿੰਮੇਵਾਰ ਹਨ।
ਇਹ ਵੀ ਪੜੋ: ਹੰਦਵਾੜਾ 'ਚ ਸ਼ਹੀਦ ਹੋਇਆ ਮਾਨਸਾ ਦਾ ਜਵਾਨ, ਪਰਿਵਾਰ ਲਈ ਸਰਕਾਰੀ ਨੌਕਰੀ ਤੇ 10 ਲੱਖ ਦਾ ਐਲਾਨ