ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਬਹੁਚਰਚਿਤ ਬੀਜ ਘੋਟਾਲੇ ਸਮੇਤ ਪਿਛਲੇ 13 ਸਾਲਾਂ ‘ਚ ਹੋਏ ਖੇਤੀਬਾੜੀ ਘਪਲਿਆਂ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਗਠਿਤ ਜੁਡੀਸ਼ੀਅਲ ਕਮਿਸ਼ਨ ਰਾਹੀਂ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਅੰਨਦਾਤਾ ਨੂੰ ਲੁੱਟਣ ਅਤੇ ਠੱਗਣ ‘ਚ ਇੱਕ ਦੂਜੇ ਤੋਂ ਵਧ ਕੇ ਰਹੇ ਅਕਾਲੀਆਂ ਅਤੇ ਕਾਂਗਰਸੀਆਂ ਦੇ ਵੇਰਵੇ ਲੋਕਾਂ ਸਾਹਮਣੇ ਆ ਸਕਣ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਅੰਤਰਰਾਜੀ ਬੀਜ ਘੋਟਾਲੇ ‘ਚ ਪੰਜਾਬ ਦੇ ਕਿਸਾਨਾਂ ਨੂੰ 4,000 ਕਰੋੜ ਰੁਪਏ ਦੇ ਨੁਕਸਾਨ ਸੰਬੰਧੀ ਪੇਸ਼ ਕੀਤੇ ਜਾ ਰਹੇ ਨਕਾਰੇ ਅੰਕੜੇ ਨਕਾਰੇ ਨਹੀਂ ਜਾ ਸਕਦੇ, ਪਰੰਤੂ ਬਿਕਰਮ ਸਿੰਘ ਮਜੀਠੀਆ 2007 ਤੋਂ 2017 ਤੱਕ ਆਪਣੀ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਕੀਤੇ ਗਏ ਬੀਜ ਸਬਸਿਡੀ ਘੋਟਾਲੇ ਅਤੇ ਤਤਕਾਲੀ ਖੇਤੀਬਾੜੀ ਮੰਤਰੀ ਤੋਤਾ ਸਿੰਘ ਵੱਲੋਂ ਬਾਦਲ ਪਰਿਵਾਰ ਦੀਆਂ ਅੱਖਾਂ ਦੇ ਤਾਰੇ ਅਤੇ ਦਾਗ਼ੀ ਖੇਤੀਬਾੜੀ ਅਧਿਕਾਰੀ ਮੰਗਲ ਸਿੰਘ ਸੰਧੂ ਨਾਲ ਮਿਲਕੇ ਕੀਤੇ ਗਏ ਚਿੱਟੀ ਮੱਖੀ ਵਜੋਂ ਮਸ਼ਹੂਰ ਹੋਏ ਨਕਲੀ ਪੈਸਟੀਸਾਈਡ ਘੋਟਾਲੇ ਅਤੇ ਨਕਲੀ ਬੀਟੀ ਕਾਟਨ ਬੀਜ ਘੋਟਾਲੇ ਨਾਲ ਕਿਸਾਨਾਂ ਨੂੰ ਹੋਏ ਅਰਬਾਂ ਰੁਪਏ ਦੇ ਨੁਕਸਾਨ ਦੇ ਵੇਰਵੇ ਵੀ ਇਸੇ ਤਰ੍ਹਾਂ ਜਨਤਕ ਕਰਨ। ਮਜੀਠੀਆ ਮਾਲਵਾ ਪੱਟੀ ਦੇ ਉਨ੍ਹਾਂ ਕਿਸਾਨਾਂ ਦੀ ਗਿਣਤੀ ਵੀ ਦੱਸਣ ਜਿੰਨ੍ਹਾ ਨੇ ਨਕਲੀ ਪੈਸਟੀਸਾਈਡ ਕਾਰਨ ਚਿੱਟੀ ਮੱਖੀ ਦਾ ਸ਼ਿਕਾਰ ਹੋਏ ਨਰਮੇ ਦੇ ਨੁਕਸਾਨ ਨੂੰ ਨਾ ਸਹਾਰਦੇ ਹੋਏ ਆਤਮ-ਹੱਤਿਆਵਾਂ ਕਰ ਲਈਆਂ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੇਂਦਰ ਦੀਆਂ ਭਾਜਪਾਈ ਤੇ ਕਾਂਗਰਸੀ ਸਰਕਾਰਾਂ ਵੱਲੋਂ ਫ਼ਸਲਾਂ ਦੇ ਘਾਟੇ ਦੇ ਮੁੱਲ ਤੈਅ ਕੀਤੇ ਜਾਂਦੇ ਰਹੇ ਹਨ ਅਤੇ ਪੰਜਾਬ ਦੀਆਂ ਬਾਦਲ ਅਤੇ ਕੈਪਟਨ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਨਕਲੀ ਪੈਸਟੀਸਾਈਡ, ਨਕਲੀ ਬੀਜ, ਸਿੰਚਾਈ ਅਤੇ ਬੀਜ ਸਬਸਿਡੀ ਘੋਟਾਲੇ ਕੀਤੇ ਗਏ ਹਨ, ਉਸ ਤੋਂ ਸਾਫ਼ ਹੈ ਕਿ ਅੰਨਦਾਤਾ ਨੂੰ ਲੁੱਟਣ ਅਤੇ ਠੱਗਣ ‘ਚ ਅਕਾਲੀ, ਭਾਜਪਾ ਅਤੇ ਕਾਂਗਰਸੀ ਇੱਕ ਦੂਜੇ ਤੋਂ ਵਧ ਕੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਇਸ ਬੀਜ ਸਕੈਂਡਲ ਦੀ ਜਾਂਚ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਕੀਤੀ ਤਾਂ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਉਸੇ ਤਰਾਂ ਦੀ ਕਾਰਵਾਈ ਹੋਵੇਗੀ, ਜਿਵੇਂ ਚਿੱਟੀ ਮੱਖੀ, ਬੀਟੀ ਕਾਟਨ ਸਕੈਂਡਲ ‘ਚ ਅਕਾਲੀ ਮੰਤਰੀ ਤੋਤਾ ਸਿੰਘ ਅਤੇ 50 ਪ੍ਰਤੀਸ਼ਤ ਬੀਜ ਸਬਸਿਡੀ ਸਕੈਂਡਲ ‘ਚ ਸ਼ਾਮਲ ਸੁੱਚਾ ਸਿੰਘ ਲੰਗਾਹ ਨੂੰ ਉਦੋਂ ਦੀਆਂ ਬਾਦਲ ਸਰਕਾਰਾਂ ਨੇ ਕਲੀਨ ਚਿਟਾਂ ਦੇ ਕੇ ਕੀਤਾ ਸੀ।