ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ ਸੂਬੇ ਦੀਆਂ ਚਾਰ ਸੜਕਾਂ ਨੂੰ ਯਾਤਰੀਆਂ ਲਈ ਟੋਲ ਫਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿੱਚ 509 ਕਰੋੜ ਰੁਪਏ ਦੀ ਲਾਗਤ ਨਾਲ 3571 ਕਿਲੋਮੀਟਰ ਲਿੰਕ ਸੜਕਾਂ ਦਾ ਨਵੀਨੀਕਰਨ ਅਤੇ ਵਿਸ਼ੇਸ਼ ਮੁਰੰਮਤ ਕੀਤੀ ਗਈ ਹੈ।
ਲੋਕ ਨਿਰਮਾਣ ਵਿਭਾਗ ਨੇ ਗਿਣਵਾਈਆਂ ਪ੍ਰਾਪਤੀਆਂ : ਪੰਜਾਬ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਲੁਧਿਆਣਾ-ਮਾਲੇਰਕੋਟਲਾ, ਹੁਸ਼ਿਆਰਪੁਰ-ਟਾਂਡਾ, ਮੱਖੂ ਵਿਖੇ ਹਾਈ ਲੈਵਲ ਬ੍ਰਿਜ, ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕਾਂ ਨੂੰ ਯਾਤਰੀਆਂ ਲਈ ਟੋਲ ਫਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਟੋਲ ਪਲਾਜ਼ਿਆਂ ਦੇ ਠੇਕਿਆਂ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਕੰਪਨੀਆਂ ਇਸ ਨੂੰ ਵਧਾਉਣ ਲਈ ਕਈ ਜੋੜ-ਤੋੜ ਲਾ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਨੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਅਜਿਹੇ ਸਾਰੇ ਡਿਫਾਲਟਰਾਂ ਦੀ ਸੂਚੀ ਤਿਆਰ ਕਰ ਰਹੀ ਹੈ। ਆਪਣੇ ਨਿੱਜੀ ਸਵਾਰਥਾਂ ਖ਼ਾਤਰ ਪੰਜਾਬ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ 'ਤੇ ਵਾਧੂ ਬੋਝ ਪਾਉਣ ਲਈ ਪੁਰਾਣੀਆਂ ਸਰਕਾਰਾਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਲੋਕਾਂ ਨੂੰ ਇਸ ਬੋਝ ਤੋਂ ਰਾਹਤ ਦਿਵਾਉਣ ਲਈ ਹਰ ਸੰਭਵ ਕਦਮ ਚੁੱਕੇਗੀ।
ਇਹ ਵੀ ਪੜ੍ਹੋ : Statement On Amritpal Singh: ਸਾਬਕਾ ਖਾਲਿਸਤਾਨ ਪੱਖੀ ਆਗੂ ਜਸਵੰਤ ਸਿੰਘ ਠੇਕੇਦਾਰ ਨੇ ਕਿਹਾ- "ਅੰਮ੍ਰਿਤਪਾਲ ਖਾਲਿਸਤਾਨ ਬਾਰੇ ਕੁੱਝ ਨਹੀਂ ਜਾਣਦਾ"
65 ਸੇਵਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਕੀਤਾ ਤਬਦੀਲ : ਵਿਭਾਗ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਹੋਰ ਪਹਿਲਕਦਮੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿੱਤੀ ਸਾਲ 2022-23 ਦੌਰਾਨ 215 ਮੁੱਢਲੇ ਸਿਹਤ ਕੇਂਦਰਾਂ ਨੂੰ ਅੱਪਗ੍ਰੇਡ ਕਰਕੇ ਅਤੇ 65 ਸੇਵਾ ਕੇਂਦਰਾਂ ਨੂੰ ਤਬਦੀਲ ਕਰਕੇ ਆਮ ਆਦਮੀ ਕਲੀਨਿਕਾਂ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ੇਸ਼ ਸਹਾਇਤਾ ਸਕੀਮ ਅਧੀਨ 86.70 ਕਰੋੜ ਰੁਪਏ ਦੀ ਲਾਗਤ ਨਾਲ 166 ਕਿਲੋਮੀਟਰ ਸੜਕੀ ਹਿੱਸੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੇ ਪ੍ਰੋਜੈਕਟਾਂ ਅਧੀਨ ਮੁਕੰਮਲ ਅਤੇ ਚੱਲ ਰਹੇ ਕੰਮਾਂ ‘ਤੇ 509 ਕਰੋੜ ਰੁਪਏ ਦੀ ਲਾਗਤ ਨਾਲ 3571 ਕਿਲੋਮੀਟਰ ਸੜਕੀ ਹਿੱਸੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : G20 Summit 3rd Day: ਜੀ-20 ਸੰਮੇਲਨ ਦਾ ਅੱਜ ਤੀਜਾ ਦਿਨ, ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਹੋਵੇਗੀ ਚਰਚਾ
ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ 58.26 ਕਰੋੜ ਰੁਪਏ ਦੀ ਲਾਗਤ ਨਾਲ 28 ਐੱਚਐੱਲਬੀਜ਼, ਆਰਓਬੀਜ਼, ਆਰਯੂਬੀਜ਼ 'ਤੇ ਕੰਮ ਚੱਲ ਰਿਹਾ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ਨੇ ਵੱਖ-ਵੱਖ ਕਾਰਜਾਂ ਦੇ ਬਿੱਲ ਤਿਆਰ ਕਰਨ ਅਤੇ ਜਮ੍ਹਾਂ ਕਰਾਉਣ ਲਈ ਇੱਕ ਇੰਜੀਨੀਅਰਿੰਗ ਅਤੇ ਪ੍ਰੋਜੈਕਟ ਮੈਨੇਜ਼ਮੈਂਟ ਮਾਡਿਊਲ ਲਾਗੂ ਕੀਤਾ ਹੈ ਤਾਂ ਜੋ ਸਮੁੱਚੇ ਕੰਮਕਾਜ ਨੂੰ ਪ੍ਰਭਾਵਸ਼ਾਲੀ, ਕੁਸ਼ਲ ਅਤੇ ਪਾਰਦਰਸ਼ੀ ਢੰਗਾਂ ਨਾਲ ਬਿਹਤਰ ਬਣਾਇਆ ਜਾ ਸਕੇ।