ਜ਼ੀਰਕਪੁਰ: ਸਥਾਨਕ ਸ਼ਹਿਰ 'ਚ ਜਿੰਮ ਮਾਲਕਾਂ ਤੇ ਜਿੰਮ ਟ੍ਰੇਨਰਾਂ ਨੇ ਜਿੰਮ ਖੋਲ੍ਹਣ ਲਈ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਲੌਕਡਾਊਨ 4.0 ਦੇ ਵਿੱਚ ਕੁਝ ਕੰਮਕਾਰ ਤੇ ਫੈਕਟਰੀਆਂ ਨੂੰ ਸਰਕਾਰ ਵੱਲੋਂ ਕੁਝ ਸ਼ਰਤਾਂ ਦੇ ਨਾਲ ਖੋਲ੍ਹਣ ਦੀਆਂ ਰਿਆਇਤਾਂ ਦੇ ਦਿੱਤੀਆਂ ਸਨ। ਉਸ ਤੋਂ ਬਾਅਦ ਅੱਨਲੌਕ 1.0 ਦੇ ਪਹਿਲੇ ਪੜਾਅ ਦੇ ਤਹਿਤ ਸਰਕਾਰ ਨੇ ਦੇਸ਼ 'ਚ ਧਾਰਮਿਕ ਸੰਸਥਾਵਾਂ, ਰੈਸਟੋਰੈਂਟ ਤੇ ਸ਼ੌਪਿੰਗ ਮਾਲ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ।
ਦੂਜੇ ਪਾਸੇ ਹੁਣ ਤੱਕ ਸਰਕਾਰ ਨੇ ਜਿੰਮਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਰਕੇ ਜਿੰਮ ਮਾਲਕਾਂ ਤੇ ਟ੍ਰੇਨਰਾਂ ਨੇ ਜਿੰਮ ਖੋਲ੍ਹਣ ਨੂੰ ਲੈ ਕੇ ਜ਼ੀਰਕਪੁਰ ਵਿੱਚ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕੀਤਾ। ਜਿੰਮ ਮਾਲਕਾਂ ਅਤੇ ਟ੍ਰੇਨਰਾਂ ਨੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਮੂੰਹ 'ਤੇ ਮਾਸਕ ਲਗਾ ਕੇ ਤੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖ ਕੇ ਆਪਣਾ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੇ ਦੌਰਾਨ ਹਲਕਾ ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਵੀ ਇਨ੍ਹਾਂ ਦਾ ਸਾਥ ਦਿੱਤਾ। ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਐੱਨ ਕੇ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਭ ਕੁਝ ਖੋਲ੍ਹ ਦਿੱਤਾ ਹੈ ਤਾਂ ਇਨ੍ਹਾਂ ਜਿੰਮ ਮਾਲਕਾਂ ਅਤੇ ਟ੍ਰੇਨਰਾਂ ਦਾ ਕੀ ਦੋਸ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਜਿੰਮ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਕੋਰੋਨਾ ਵਾਇਰਸ ਦੇ ਦੌਰਾਨ ਖੁੱਲ੍ਹ ਕੇ ਲੋਕਾਂ ਨੂੰ ਸ਼ਰਾਬ ਵੰਡੀ ਹੈ, ਜਦ ਕਿ ਲੌਕਡਾਊਨ ਦੇ ਦੌਰਾਨ ਸਾਰੇ ਸ਼ਰਾਬ ਦੇ ਠੇਕੇ ਬੰਦ ਸੀ ਪਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਲੋਕਾਂ ਦੇ ਘਰ ਤੱਕ ਸ਼ਰਾਬ ਪਹੁੰਚਾਈ ਹੈ।
ਉਨ੍ਹਾਂ ਕਿਹਾ ਕਿ ਹਲਕਾ ਡੇਰਾਬਸੀ ਦੇ ਵਿੱਚ ਸਰਕਾਰ ਦੇ ਚਹੇਤੇ ਰੇਤਾ ਅਤੇ ਬਾਜ਼ਰੀ ਦੀ ਖੁੱਲ੍ਹ ਕੇ ਨਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਕਿਉਂਕਿ ਉਹ ਆਪਣੇ ਘਰ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਜਿੰਮ ਅਤੇ ਹੈਲਥ ਕਲੱਬ ਖੋਲ੍ਹਣ ਜਿਸ ਤੋਂ ਇਨ੍ਹਾਂ ਜਿੰਮ ਮਾਲਕਾਂ ਤੇ ਉੱਥੇ ਕੰਮ ਕਰ ਰਹੇ ਲੋਕਾਂ ਦਾ ਘਰ ਚੱਲ ਸਕੇ ਅਤੇ ਜਿੰਮ ਦੇ ਵਿੱਚ ਜਾ ਕੇ ਲੋਕ ਆਪਣੇ ਆਪ ਨੂੰ ਫਿੱਟ ਵੀ ਰੱਖ ਸਕਣ।