ਦਿੱਲੀ: ਸੰਸਾਰ ਭਰ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਕਾਰਨ 70 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 13 ਲੱਖ ਦੇ ਕਰੀਬ ਲੋਕ ਇਸ ਵਾਇਰਸ ਤੋਂ ਪੀੜਤ ਹਨ। ਭਾਰਤ ਵਿੱਚ ਵੀ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਤੋਂ ਟੱਪ ਚੁੱਕੀ ਹੈ। ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਦੇਸ਼ ਲੌਕਡਾਊਨ ਵਾਲੀ ਸਥਿਤੀ ਵਿੱਚ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਮਗਰੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਖਾਣ-ਪੀਣ ਦੀ ਸਮੱਸਿਆ ਸਭ ਤੋਂ ਵੱਡੀ ਮੁਸ਼ਕਿਲ ਵਜੋਂ ਉਭਰ ਕੇ ਸਾਹਮਣੇ ਆਈ ਹੈ।
ਅਜਿਹੀ ਮੁਸ਼ਕਿਲ ਦੀ ਸਥਿਤੀ ਵਿੱਚ ਦੇਸ਼ ਭਰ ਦੇ ਗੁਰਦੁਆਰਿਆਂ ਵੱਲੋਂ ਲੰਗਰ ਬਣਾ ਕੇ ਗ਼ਰੀਬਾਂ ਤੇ ਲੋੜਵੰਦਾਂ ਦਾ ਢਿੱਡ ਭਰਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਗੁਰਦੁਆਰਿਆਂ ਵੱਲੋਂ ਲੰਗਰ ਲਈ ਖਰੀਦੇ ਜਾਂਦੇ ਚੌਲ ਅਤੇ ਕਣਕ ਨੂੰ ਸਰਕਾਰੀ ਰੇਟ ਉੱਤੇ ਖਰੀਦਣ ਦੀ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਕਾਇਦਾ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਫੈਸਲੇ ਨੂੰ ਸਰਾਹਿਆ ਗਿਆ ਹੈ।
ਹਰਸਿਮਰਤ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਔਖੀ ਘੜੀ ਦੌਰਾਨ ਗੁਰਦੁਆਰਿਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਧੀਨ ਗੁਰਦੁਆਰਿਆਂ ਦੇ ਲੰਗਰ ਲਈ ਕਣਕ ਤੇ ਚੌਲ ਨੂੰ ਸਰਕਾਰੀ ਰੇਟ ਉੱਤੇ ਖਰੀਦਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਜਿਹੜੀ ਉਨ੍ਹਾਂ ਨੇ ਸਵੀਕਾਰ ਕਰ ਕੇ ਸਿੱਖਾਂ ਦੀ ਸੇਵਾ ਭਾਵਨਾ ਦਾ ਮਾਣ ਵਧਾਇਆ ਹੈ।