ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਮੋਢੀ ਗੁਰੂ ਹੋਏ ਹਨ। ਉਨ੍ਹਾਂ ਦਾ ਜਨਮ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇਵੀ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ 'ਚ ਹੋਇਆ। ਜਦੋਂ ਗੁਰੂ ਜੀ ਦਾ ਜਨਮ ਹੋਇਆ ਤਾਂ ਦੌਲਤਾਂ ਦਾਈ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਰੱਬੀ ਰੂਪ ਪਛਾਣਿਆ ਅਤੇ ਉਸ ਤੋਂ ਬਾਅਦ ਵੱਡੀ ਭੈਣ ਬੇਬੇ ਨਾਨਕੀ ਨੇ ਉਨ੍ਹਾਂ ਦਾ ਰੱਬੀ ਰੂਪ ਦੇਖਿਆ ਅਤੇ ਆਪਣੇ ਵੀਰ ਨਾਨਕ ਨੂੰ ਗੁਰੂ ਧਾਰ ਲਿਆ।
ਬਾਲ ਨਾਨਕ ਸ਼ੁਰੂ ਤੋਂ ਤੀਖਣ ਬੁੱਧੀ ਦੇ ਮਾਲਕ ਸਨ। ਗੂਰੁ ਨਾਨਕ ਦੇਵ ਜੀ 7 ਸਾਲ ਦੀ ਉਮਰ ਵਿੱਚ ਹੀ ਪਾਂਧੇ ਨੂੰ ਪੜ੍ਹਨੇ ਪਾ ਆਏ ਸਨ। ਪਿਤਾ ਮਹਿਤਾ ਕਾਲੂ ਆਪਣੇ ਪੁੱਤਰ ਨੂੰ ਵਧੀਆ ਵਪਾਰੀ ਬਣਾਉਣਾ ਚਾਹੁੰਦੇ ਸਨ ਪਰ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਾਲੇ ਨਾਨਕ ਦਾ ਮਨ ਦੁਨਿਆਵੀਂ ਕੰਮਾਂ ਤੋਂ ਉਪਰਾਂਤ ਸੀ। ਉਹ ਆਪਣੀ ਮਸਤ ਚਾਲ ਚੱਲਦੇ ਰਹੇ ਤੇ ਦੁਨੀਆ ਨੂੰ ਤਾਰਦੇ ਗਏ। ਗੁਰੂ ਨਾਨਕ ਸਾਹਿਬ ਦੇ ਸਮੇਂ ਜਿੱਥੇ ਛੂਤ-ਛੂਤ ਦਾ ਬੋਲਾ-ਬੋਲਾ ਸੀ, ਉੱਥੇ ਹੀ ਜਗਜਨਣੀ ਨੂੰ ਸਮਾਜ ਦੀ ਸਭ ਤੋਂ ਨੀਚ ਚੀਜ਼ ਸਮਝ ਕੇ ਤ੍ਰਿਸਕਾਰਿਆ ਜਾਦਾ ਸੀ ਅਤੇ ਉਸ ਨੂੰ ਪੈਰ ਦੀ ਜੁਤੀ ਸਮਝਿਆ ਜਾਂਦਾ ਸੀ।
ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਸੀ, 'ਸੋ ਕਿਊ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ', ਗੁਰੂ ਨਾਨਕ ਪਾਤਸ਼ਾਹ ਭਾਰਤ ਦੇ ਲੋਕਾਂ ਦੀ ਦਰਦਨਾਕ ਹਾਲਤ ਦੇਖਦੇ ਹੋਏ ਲੰਬੀ ਸੰਸਾਰਿਕ ਯਾਤਰਾ 'ਤੇ ਨਿਕਲ ਗਏ ਅਤੇ 4 ਉਦਾਸੀਆਂ ਕਰਕੇ ਫੋਕਟ ਕਰਮ ਕਾਂਡਾਂ ਦਾ ਖੰਡਨ ਕੀਤਾ ਤੇ ਲੋਕਾਂ ਨੂੰ ਸੱਚ ਦੇ ਰਾਹ ਉੱਤੇ ਤੋਰਿਆ। ਪਹਿਲੀ ਯਾਤਰਾ ਦੌਰਾਨ 1507 ਤੋਂ 1518 ਤੱਕ ਸੀ, ਜਿਸ ਦੌਰਾਨ ਉਹ ਜੰਮੂ-ਕਸ਼ਮੀਰ ਗਏ ਅਤੇ ਅਮਰਨਾਥ ਵਿਖੇ ਉਨ੍ਹਾਂ ਦਾ ਮੇਲ ਸਿੱਧਾਂ ਨਾਲ ਹੋਇਆ ਅਤੇ ਉਨ੍ਹਾਂ ਨੂੰ ਰੱਬ ਤੋਂ ਜਾਣੂ ਕਰਵਾਇਆ। ਆਪਣੀਆਂ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਨੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ।
ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਸਭ ਤੋ ਵਧੇਰੇ ਸਮਾਂ ਗੁਜਾਰਿਆ। 14 ਸਾਲ 9 ਮਹੀਨੇ ਅਤੇ 13 ਦਿਨ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ 'ਚ ਬਿਤਾਏ। ਗੁਰੂ ਸਾਹਿਬ ਹਮੇਸ਼ਾ ਇੱਥੇ ਬੰਦਗੀ ਵਿੱਚ ਲੀਣ ਰਹਿੰਦੇ ਸਨ। ਗੁਰੂ ਸਾਹਿਬ ਨੂੰ ਲੈ ਕੇ ਕਈ ਮਿਸਾਲਾਂ ਮਿਲਦੀਆਂ ਹਨ। ਗੁਰੂ ਸਾਹਿਬ ਸਿੱਖ ਸੰਗਤਾਂ ਨੂੰ ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੰਦੇ ਹੋਏ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਪ ਕੇ ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ। ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦੀ ਜੋਤ ਜਗਾਈ ਸੀ ਉਹ ਅੱਜ ਵੀ ਪ੍ਰਕਾਸ਼ਮਾਨ ਹੈ।