ਚੰਡੀਗੜ੍ਹ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸਨ ਸੰਸਥਾਨ ਵੱਲੋਂ ਆਈਏਐੱਸ ਅਧਿਕਾਰੀਆਂ ਲਈ ਕਰਾਏ ਗਏ ਛੇ ਹਫਤਿਆਂ ਦੇ ਸੁਰੂਆਤੀ ਸਿਖਲਾਈ ਪ੍ਰੋਗਰਾਮ ਦਾ ਅੱਜ ਪੰਜਾਬ ਰਾਜ ਭਵਨ ਵਿਖੇ ਸਮਾਪਤੀ ਸਮਾਗਮ ਕਰਾਇਆ ਗਿਆ। ਇਸ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਅਤੇ ਚੰਡੀਗਡ੍ਹ ਦੇ ਪ੍ਰਸਾਸਕ ਵੀ.ਪੀ.ਸਿੰਘ ਬਦਨੌਰ ਨੇ ਕੀਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਦੇਸ ਦੇ 12 ਰਾਜਾਂ ਦੇ 55 ਤੋਂ ਵੀ ਵੱਧ ਆਈਏਐੱਸ ਅਧਿਕਾਰੀਆਂ ਨੇ ਹਿੱਸਾ ਲਿਆ।
ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਆਈਏਐੱਸ ਅਧਿਕਾਰੀਆਂ ਨੂੰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਲੋਕ ਕੇਂਦਰਿਤ ਸਾਸਨ ਦੇਣ ਲਈ ਵਚਨਬੱਧਤਾ, ਦ੍ਰਿਡਤਾ ਅਤੇ ਪਾਰਦਰਸਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਵੇਸੀ ਵਿਕਾਸ ਅਤੇ ਪ੍ਰਭਾਵੀ ਸੇਵਾਵਾਂ ਪ੍ਰਦਾਨ ਕਰਨੀਆਂ ਸਮੇਂ ਦੀ ਲੋਡ ਹਨ ਅਤੇ ਸਮਾਜਿਕ-ਆਰਥਿਕ ਵਿਕਾਸ ਲਈ ਉਨ੍ਹਾਂ 'ਤੇ ਇਸ ਟੀਚੇ ਨੂੰ ਹਾਸਲ ਕਰਨ ਦੀ ਵੱਡੀ ਜ਼ਿਮੇਵਾਰੀ ਹੈ। ਰਾਜਪਾਲ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣੇ ਕਰੀਅਰ ਦੌਰਾਨ ਹਰੇਕ ਪ੍ਰੋਗਰਾਮ ਨੂੰ 'ਸਮਾਜਿਕ ਮਿਸਨ' ਵਜੋਂ ਵੇਖਣਾ ਚਾਹੀਦਾ ਹੈ ਅਤੇ ਪ੍ਰਸਾਸਨ ਦੇ ਸਾਰੇ ਪੱਧਰਾਂ 'ਤੇ ਵਚਨਬੱਧਤਾ ਅਤੇ ਸਮਰਪਣ ਨਾਲ ਉਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਰਕਾਰ ਦੇ ਲਾਭ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਬਿਨਾਂ ਸਮਾਜ ਦੇ ਹਰੇਕ ਵਰਗ ਤੱਕ ਪੁੱਜਣੇ ਚਾਹੀਦੇ ਹਨ। ਉਨ੍ਹਾਂ ਨੇ ਸਹਿਭਾਗੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।